ਆਜ਼ਾਦੀ ਦਿਹਾੜੇ ਮੱਦੇਨਜ਼ਰ ਡੀਜੀਪੀ ਪੰਜਾਬ ਵੱਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਗਸ਼ਤ ਅਤੇ ਨਿਗਰਾਨੀ ਵਧਾਉਣ ਦੇ ਨਿਰਦੇਸ਼

ਆਜ਼ਾਦੀ ਦਿਹਾੜੇ ਮੱਦੇਨਜ਼ਰ ਡੀਜੀਪੀ ਪੰਜਾਬ ਵੱਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਗਸ਼ਤ ਅਤੇ ਨਿਗਰਾਨੀ ਵਧਾਉਣ ਦੇ ਨਿਰਦੇਸ਼
— ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਕਮਿਸ਼ਨਰੇਟਾਂ/ਰੇਂਜਾਂ ਵਿੱਚ ਸੁਰੱਖਿਆ ਤਿਆਰੀਆਂ ਦਾ ਲਿਆ ਜਾਇਜ਼ਾ

— ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਅੰਤਰ-ਜ਼ਿਲ੍ਹਾ ਤਾਲਮੇਲ ਅਤੇ ਸਖ਼ਤ ਨਾਕਾਬੰਦੀ ਦੇ ਵੀ ਦਿੱਤੇ ਹੁਕਮ

— ਡੀਜੀਪੀ ਵੱਲੋਂ ਕਮਿਸ਼ਨਰੇਟਾਂ ਅਤੇ ਰੇਂਜਾਂ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਐਸ.ਐਚ.ਓਜ਼. ਨਾਲ ਸਿੱਧੀ ਗੱਲਬਾਤ

ਚੰਡੀਗੜ੍ਹ/ਅੰਮ੍ਰਿਤਸਰ/ਜਲੰਧਰ/ਲੁਧਿਆਣਾ, 10 ਅਗਸਤ (ਮਨਜੀਤ ਸਿੰਘ ਰੋਮਾਣਾ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਆਜ਼ਾਦੀ ਦਿਹਾੜੇ-2026 ਦੇ ਜਸ਼ਨਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਉਣ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸੰਵੇਦਨਸ਼ੀਲ ਇਲਾਕਿਆਂ, ਲੋਕਾਂ ਦੇ ਇਕੱਠ ਵਾਲੀਆਂ ਪ੍ਰਮੁੱਖ ਥਾਵਾਂ, ਪ੍ਰਮੁੱਖ ਸ਼ਹਿਰੀ ਸਥਾਨਾਂ ਅਤੇ ਅਦਾਰਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਹੱਦੀ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਅੰਤਰ-ਜ਼ਿਲ੍ਹਾ ਤਾਲਮੇਲ, ਸਖ਼ਤ ਨਾਕਾਬੰਦੀ ਅਤੇ 24 ਘੰਟੇ ਨਿਗਰਾਨੀ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਡੀਜੀਪੀ ਪੰਜਾਬ ਨੇ ਆਪਣੇ ਤੂਫ਼ਾਨੀ ਦੌਰੇ ਦੌਰਾਨ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਕਮਿਸ਼ਨਰੇਟਾਂ ਅਤੇ ਬਾਰਡਰ, ਜਲੰਧਰ ਤੇ ਲੁਧਿਆਣਾ ਪੁਲਿਸ ਰੇਂਜਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਅਮਨ-ਕਾਨੂੰਨ ਦੀ ਸਥਿਤੀ ਦੀ ਸਮੀਖਿਆ ਕੀਤੀ। 

ਅੰਮ੍ਰਿਤਸਰ ਤੋਂ ਆਪਣੇ ਦੌਰੇ ਦੀ ਸ਼ੁਰੂਆਤ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਸੰਵੇਦਨਸ਼ੀਲ ਸਰਹੱਦੀ ਖੇਤਰਾਂ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਸਮੂਹ ਯੂਨਿਟਾਂ ਨੂੰ ਸਖ਼ਤ ਚੌਕਸੀ ਬਣਾਏ ਰੱਖਣ, ਰੋਕਥਾਮ ਵਾਲੇ ਉਪਾਵਾਂ 'ਚ ਤੇਜ਼ੀ ਲਿਆਉਣ, ਗਸ਼ਤ ਅਤੇ ਨਿਗਰਾਨੀ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਅਤੇ ਭੀੜ ਵਾਲੇ ਇਲਾਕਿਆਂ ਦੇ ਸੁਚਾਰੂ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਇਸ ਕੌਮੀ ਉਤਸਵ ਦੀ ਅਹਿਮੀਅਤ 'ਤੇ ਜ਼ੋਰ ਦਿੰਦਿਆਂ ਡੀਜੀਪੀ ਨੇ ਨੋਟ ਕੀਤਾ ਕਿ ਸੁਰੱਖਿਆ ਢਾਂਚੇ ਵਿੱਚ ਸਹਿਜ ਤਾਲਮੇਲ ਅਤੇ ਉੱਭਰ ਰਹੀਆਂ ਚੁਣੌਤੀਆਂ ਦਾ ਸਰਗਰਮ ਮੁਲਾਂਕਣ ਪੰਜਾਬ ਪੁਲਿਸ ਦੀ ਮੁੱਖ ਤਰਜੀਹ ਹੈ।

ਅੰਮ੍ਰਿਤਸਰ ਦੇ ਸਮੀਖਿਆ ਦੌਰੇ ਤੋਂ ਬਾਅਦ ਡੀਜੀਪੀ ਨੇ ਕਮਿਸ਼ਨਰੇਟ ਪੁਲਿਸ ਜਲੰਧਰ ਅਤੇ ਜਲੰਧਰ ਰੇਂਜ, ਜਿਸ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਐਸ.ਬੀ.ਐਸ. ਨਗਰ ਜ਼ਿਲ੍ਹੇ ਸ਼ਾਮਲ ਹਨ,  ਦੀਆਂ ਤਿਆਰੀਆਂ ਦਾ ਨਿੱਜੀ ਤੌਰ 'ਤੇ ਮੁਲਾਂਕਣ ਕਰਨ ਲਈ ਜਲੰਧਰ ਦਾ ਦੌਰਾ ਕੀਤਾ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਖ਼ਤਰੇ ਦੀਆਂ ਮੌਜੂਦਾ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਧੇਰੇ ਚੌਕਸੀ ਬਣਾਈ ਰੱਖਣ, ਫੋਰਸ ਦੀ ਸੁਚੱਜੇ ਤੇ ਰਣਨੀਤਿਕ ਢੰਗ ਨਾਲ ਤਾਇਨਾਤੀ ਅਤੇ ਤੇਜ਼ ਰਿਸਪਾਂਸ ਪ੍ਰਣਾਲੀ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਨਾਗਰਿਕ ਬਿਨਾਂ ਕਿਸੇ ਪਰੇਸ਼ਾਨੀ ਜਾਂ ਦਿੱਕਤ ਦੇ ਪੂਰੇ ਵਿਸ਼ਵਾਸ ਨਾਲ ਆਜ਼ਾਦੀ ਦਿਹਾੜਾ ਮਨਾ ਸਕਣ।

ਫੋਰਸ ਦੀ ਵਚਨਬੱਧਤਾ ਅਤੇ ਪੇਸ਼ੇਵਰਤਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਵਧੇਰੇ ਅਲਰਟ, ਪਹੁੰਚਯੋਗ ਅਤੇ ਜਨਤਾ ਪ੍ਰਤੀ ਜਵਾਬਦੇਹ ਰਹਿਣ ਦੇ ਨਿਰਦੇਸ਼ ਦਿੱਤੇ।

ਆਪਣੇ ਦੌਰੇ ਦੇ ਅੰਤ ਵਿੱਚ ਡੀਜੀਪੀ ਗੌਰਵ ਯਾਦਵ ਨੇ ਲੁਧਿਆਣਾ ਵਿਖੇ ਆਜ਼ਾਦੀ ਦਿਹਾੜੇ ਸਬੰਧੀ ਪੁਲਿਸ ਤਿਆਰੀਆਂ ਦੇ ਮੁਲਾਂਕਣ ਲਈ ਕਮਿਸ਼ਨਰੇਟ ਪੁਲਿਸ ਲੁਧਿਆਣਾ ਅਤੇ ਲੁਧਿਆਣਾ ਰੇਂਜ ਦੇ ਅਧਿਕਾਰੀਆਂ ਨਾਲ ਸੁਰੱਖਿਆ ਸਕਿਉਰਿਟੀ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਫੋਰਸ ਦੀ ਪ੍ਰਭਾਵਸ਼ਾਲੀ ਢੰਗ ਨਾਲ ਤਾਇਨਾਤੀ ਦੇ ਨਾਲ-ਨਾਲ ਸਮਾਗਮ ਅਤੇ ਜਨਤਕ ਇਕੱਠ ਵਾਲੇ ਸਥਾਨਾਂ ਨੂੰ ਸੁਰੱਖਿਅਤ ਕਰਨ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ ਦਿੱਤੇ।

ਇਹਨਾਂ ਸਮੀਖਿਆ ਮੀਟਿੰਗਾਂ ਵਿੱਚ ਵਧੀਕ ਡੀਜੀਪੀ (ਸਟੇਟ ਆਰਮਡ ਪੁਲਿਸ) ਐਮ.ਐਫ. ਫਾਰੂਕੀ, ਆਈਜੀਪੀ ਪੀਏਪੀ ਰਾਜਪਾਲ ਸਿੰਘ ਸੰਧੂ, ਪੁਲਿਸ ਕਮਿਸ਼ਨਰ (ਸੀਪੀ) ਜਲੰਧਰ ਸਤਿੰਦਰ ਸਿੰਘ, ਸੀਪੀ ਲੁਧਿਆਣਾ ਸਵਪਨ ਸ਼ਰਮਾ, ਸੀਪੀ ਅੰਮ੍ਰਿਤਸਰ ਕਮ ਡੀਆਈਜੀ ਬਾਰਡਰ ਰੇਂਜ ਹਰਮਨਬੀਰ ਸਿੰਘ ਗਿੱਲ, ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ, ਡੀਆਈਜੀ ਲੁਧਿਆਣਾ ਰੇਂਜ ਸੰਦੀਪ ਗੋਇਲ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ, ਐਸਐਸਪੀ ਕਪੂਰਥਲਾ ਗੌਰਵ ਤੂਰਾ, ਐਸਐਸਪੀ ਹੁਸ਼ਿਆਰਪੁਰ ਸੰਦੀਪ ਮਲਿਕ, ਐਸਐਸਪੀ ਐਸ.ਬੀ.ਐਸ. ਨਗਰ ਤੁਸ਼ਾਰ ਗੁਪਤਾ, ਐਸਐਸਪੀ ਖੰਨਾ ਡਾ. ਦਰਪਨ ਆਹਲੂਵਾਲੀਆ ਅਤੇ ਐਸਐਸਪੀ ਜਗਰਾਓਂ ਅੰਕੁਰ ਗੁਪਤਾ ਸਮੇਤ ਪ੍ਰਮੁੱਖ ਅਧਿਕਾਰੀ ਹਾਜ਼ਰ ਰਹੇ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ