ਸਿਆਟਲ ਵਿਖੇ " ਅਮਰੀਕਾ ਤੇਰੀ ਜੈ ਹੋਵੇ " ਗੀਤ ਰਿਲੀਜ ਦਾ ਸਮਾਗਮ ਯਾਦਗਾਰੀ ਹੋ ਨਿਬੜਿਆ
ਸਿਆਟਲ ਵਿਖੇ " ਅਮਰੀਕਾ ਤੇਰੀ ਜੈ ਹੋਵੇ " ਗੀਤ ਰਿਲੀਜ ਦਾ ਸਮਾਗਮ ਯਾਦਗਾਰੀ ਹੋ ਨਿਬੜਿਆ
ਵੱਖ ਵੱਖ ਬੁਲਾਰਿਆਂ ਵੱਲੋਂ "ਮਾਂ ਬੋਲੀ ਪੰਜਾਬੀ" ਨੂੰ ਅਪਣਾਉਣ ਦਾ ਦਿੱਤਾ ਸੱਦਾ
ਸਿਆਟਲ ਤੋਂ ਜਗਰੂਪ ਸਿੰਘ ਜਰਖੜ ਦੀ ਵਿਸ਼ੇਸ਼ ਰਿਪੋਰਟ
ਵਿਦੇਸ਼ਾਂ ਵਿੱਚ ਵੱਸਦਾ ਪੰਜਾਬੀ ਭਾਈਚਾਰਾ ਹਰ ਰੋਜ਼ ਇਤਿਹਾਸ ਦੀਆਂ ਕੋਈ ਨਾ ਕੋਈ ਨਵੀਆਂ ਪੈੜਾਂ ਪਾ ਰਿਹਾ ਹੈ ਇਸੇ ਨਵੀਂ ਇਤਿਹਾਸਿਕ ਪੈੜ ਤਹਿਤ ਅੱਜ ਸਿਆਟਲ ਦੇ ਇੰਡੀਅਨ ਗੋਲਡਨ ਕਰੀ ਪੈਲੇਸ ਵਿਖੇ ਪੰਜਾਬੀਆਂ ਦੀ ਹੋਈ ਇੱਕ ਵਿਲੱਖਣ ਇਕੱਤਰਤਾ ਦੌਰਾਂਨ ਹੋਏ ਸਮਾਗਮ ਵਿੱਚ ਲਿਖਾਰੀ ਸਭਾ ਸਿਆਟਲ ਵੱਲੋਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੌਰਾਨ ਜਿੱਥੇ ਵੱਖ ਵੱਖ ਬੁਲਾਰਿਆਂ ਨੇ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਦਾ ਸੱਦਾ ਦਿੱਤਾ ਉਥੇ ਸਿਆਟਲ ਵੱਸਦੇ ਉੱਘੇ ਗੀਤਕਾਰ ਮਨਜੀਤ ਸਿੰਘ ਚਾਹਲ ਕਣਕਵਾਲ ਵੱਲੋਂ ਲਿਖਿਆ ਗੀਤ "ਅਮਰੀਕਾ ਤੇਰੀ ਜੈ ਹੋਵੇ " ਜਿਸ ਨੂੰ ਉਭਰਦੇ ਗਾਇਕ ਹਸਨਵੀਰ ਸਿੰਘ ਚਾਹਿਲ ਨੇ ਗਾਇਆ ਹੈ , ਇਸ ਗੀਤ ਦਾ ਗੀਤ ਰਿਲੀਜ਼ ਦਾ ਸਮਾਗਮ ਬਹੁਤ ਯਾਦਗਾਰੀ ਹੋ ਨਿਬੜਿਆ, ਇਹ ਗੀਤ ਜਨਮ ਭੂਮੀ ਪੰਜਾਬ ਅਤੇ ਕਰਮ ਭੂਮੀ ਅਮਰੀਕਾ ਦੇ ਵਿੱਚ ਪੰਜਾਬੀਆਂ ਦੀ ਕੀਤੀ ਹੱਡ ਭੰਨਵੀ ਮਿਹਨਤ , ਮੁਸ਼ਕਲਾਂ ਅਤੇ ਹਾਸਲ ਕੀਤੇ ਮੁਕਾਮ ਨੂੰ ਦਰਸਾਉਂਦਾ ਹੈ। ਅਮਰੀਕਾ ਤੇਰੀ ਜੈ ਹੋਵੇ ਗੀਤ ਦੀ ਘੁੰਡ ਚਕਾਈ ਉੱਘੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਇੰਗਲੈਂਡ, ਗੀਤਕਾਰ ਮਨਜੀਤ ਸਿੰਘ ਚਾਹਲ ਅਤੇ ਖੇਡ ਲੇਖਕ ਜਗਰੂਪ ਸਿੰਘ ਜਰਖੜ , ਲਿਖਾਰੀ ਸਭਾ ਸਿਆਟਲ ਦੇ ਪ੍ਰਧਾਨ ਕਰਨੈਲ ਸਿੰਘ ਕੈਲ, ਗੁਰਵਿੰਦਰ ਸਿੰਘ ਧਾਲੀਵਾਲ ਕਨੇਡਾ ਅਤੇ ਹੋਰ ਪ੍ਰਬੰਧਕਾਂ ਨੇ ਕੀਤੀ।
ਇਸ ਸਮਾਗਮ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਪੰਜਾਬੀ ਨੂੰ ਬਚਾਉਣ ਅਤੇ ਪੰਜਾਬੀ ਨੂੰ ਅਪਣਾਉਣ ਦਾ ਹੋਕਾ ਦਿੰਦਿਆਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਆਖਿਆ ਕਿ ਅੱਜ ਅਸੀਂ ਸਿਆਟਲ ਦੀ ਸਰਜਮੀਂ ਤੇ ਇੱਥੇ ਸਿਰਫ਼ ਇੱਕ ਭਾਸ਼ਾ ਦੀ ਗੱਲ ਕਰਨ ਨਹੀਂ ਆਏ, ਬਲਕਿ ਅਸੀਂ ਉਸ ਰੂਹ ਦੀ ਗੱਲ ਕਰਨ ਆਏ ਹਾਂ ਜੋ ਸਾਨੂੰ ਦੁਨੀਆ ਦੇ ਹਰ ਕੋਨੇ ਵਿੱਚ ਇੱਕ ਦੂਜੇ ਨਾਲ ਜੋੜਦੀ ਹੈ। ਉਹ ਰੂਹ ਹੈ— ਪੰਜਾਬ, ਪੰਜਾਬੀ ਅਤੇ ਪੰਜਾਬੀਅਤ।ਪੰਜਾਬ ਸਿਰਫ਼ ਇੱਕ ਭੂਗੋਲਿਕ ਖਿੱਤਾ ਜਾਂ ਪੰਜਾਂ ਪਾਣੀਆਂ ਦੀ ਧਰਤੀ ਨਹੀਂ ਹੈ। ਪੰਜਾਬ ਇੱਕ ਸੋਚ ਹੈ, ਇੱਕ ਜਜ਼ਬਾ ਹੈ। ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਬਾਬਾ ਫਰੀਦ ਜੀ, ਗੁਰੂ ਨਾਨਕ ਦੇਵ ਜੀ, ਅਤੇ ਸੂਫ਼ੀ ਸੰਤਾਂ ਨੇ ਮੁਹੱਬਤ, ਬਰਾਬਰੀ ਅਤੇ ਸਾਂਝੀਵਾਲਤਾ ਦਾ ਹੋਕਾ ਦਿੱਤਾ।ਪਰ ਅੱਜ ਸਾਨੂੰ ਸਵੈ-ਪੜਚੋਲ ਕਰਨ ਦੀ ਲੋੜ ਹੈ। ਸਾਡੀ ਮਾਂ ਬੋਲੀ ਪੰਜਾਬੀ, ਜੋ ਵਾਰਿਸ ਸ਼ਾਹ ਦੀ ਹੀਰ ਅਤੇ ਬੁੱਲ੍ਹੇ ਸ਼ਾਹ ਦੀ ਕਾਫ਼ੀ ਦੀ ਬੋਲੀ ਹੈ, ਅੱਜ ਆਪਣੇ ਹੀ ਘਰ ਵਿੱਚ ਪਿਛੜ ਰਹੀ ਹੈ। ਜਦੋਂ ਤੱਕ ਅਸੀਂ ਪੰਜਾਬੀ ਨੂੰ ਰੁਜ਼ਗਾਰ, ਪ੍ਰਸ਼ਾਸਨ, ਅਤੇ ਵਿਗਿਆਨ ਦੀ ਭਾਸ਼ਾ ਨਹੀਂ ਬਣਾਵਾਂਗੇ, ਉਦੋਂ ਤੱਕ ਸਾਡਾ ਵਿਕਾਸ ਅਧੂਰਾ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ, ਸਾਨੂੰ ਪੰਜਾਬੀ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਇੰਟਰਨੈੱਟ ਦੀ ਮੁੱਖ ਭਾਸ਼ਾ ਬਣਾਉਣ ਲਈ ਹੰਭਲਾ ਮਾਰਨਾ ਪਵੇਗਾ।ਤੀਜਾ ਸ਼ਬਦ ਹੈ 'ਪੰਜਾਬੀਅਤ'। ਪੰਜਾਬੀਅਤ ਦਾ ਮਤਲਬ ਹੈ— ਚੜ੍ਹਦੀ ਕਲਾ, ਪ੍ਰਹੁਣਾਚਾਰੀ, ਅਤੇ 'ਵੰਡ ਛਕਣ' ਦਾ ਸਿਧਾਂਤ। ਦੁਨੀਆ 'ਤੇ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ, ਤਾਂ ਪੰਜਾਬੀ ਆਪਣਾ ਲੰਗਰ ਲੈ ਕੇ ਸਭ ਤੋਂ ਪਹਿਲਾਂ ਪਹੁੰਚਦੇ ਹਨ। ਇਹੀ ਸਾਡੀ ਅਸਲ ਪਛਾਣ ਹੈ। ਪਰ ਅੱਜ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਅਸੀਂ ਆਪਣੀਆਂ ਜੜ੍ਹਾਂ ਨੂੰ ਭੁੱਲਦੇ ਜਾ ਰਹੇ ਹਾਂ। ਸਾਡਾ ਫ਼ਰਜ਼ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ, ਇਤਿਹਾਸ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜੀਏ।ਆਓ, ਅੱਜ ਇਸ ਕਾਨਫਰੰਸ ਵਿੱਚ ਅਸੀਂ ਪ੍ਰਣ ਕਰੀਏ ਕਿ ਅਸੀਂ ਆਪਣੇ ਘਰਾਂ ਵਿੱਚ ਪੰਜਾਬੀ ਬੋਲਾਂਗੇ, ਪੰਜਾਬੀ ਲਿਖਾਂਗੇ, ਅਤੇ ਪੰਜਾਬੀ ਸੱਭਿਆਚਾਰ 'ਤੇ ਮਾਣ ਕਰਾਂਗੇ। ਜੇਕਰ ਬੋਲੀ ਜਿਉਂਦੀ ਰਹੇਗੀ, ਤਾਂ ਹੀ ਪੰਜਾਬੀਅਤ ਜਿਉਂਦੀ ਰਹੇਗੀ।
ਇਸ ਮੌਕੇ ਸਟੇਜ ਦਾ ਸੰਚਾਲਨ ਗੁਰਪ੍ਰੀਤ ਸਿੰਘ ਸੋਹਲ , ਹਰਪਾਲ ਸਿੱਧੂ ਅਤੇ ਸੁਖਬੀਰ ਸਿੰਘ ਰੰਧਾਵਾ ਬੀਹਲਾ ਸਿਆਟਲ ਨੇ ਬਾਖੂਬੀ ਨਿਭਾਇਆ ਜਦਕਿ ਇਸ ਮੌਕੇ ਕਨੇਡਾ ਸਾਂਝਾ ਪੰਜਾਬ ਰੇਡੀਉ ਤੋਂ ਸ੍ਰੀਮਤੀ ਬਲਜਿੰਦਰ ਕੌਰ, ਸ੍ਰੀਮਤੀ ਹਰਕੀਰਤ ਕੌਰ, ਨਗਿੰਦਰ ਬੀ ਢਿਲੋ ,ਰਮਿੰਦਰ ਬਾਸੀ, ਰਣਜੀਤ ਮੱਲ੍ਹੀ , ਮਨਜੀਤ ਕੌਰ ਗਿੱਲ,ਬਿੰਦੂ ਮਠਾੜੂ, ਮਹਿੰਦਰ ਪਾਲ ਸਿੰਘ ਧਰਮਬੀਰ ਧਾਲੀਵਾਲ , ਮੋਹਨ ਸਿੰਘ ਗਿੱਲ , ਬਲਜਿੰਦਰ ਕੌਰ ਜਸ ਮਲਕੀਤ , ਹਰਿੰਦਰ ਸਿੰਘ ਬੈਂਸ ਗੁਰਚੇਤਨ ਸਿੰਘ, ਪਰਮਿੰਦਰ ਸਿੰਘ, ਜੈਪਾਲ ਸਿੰਘ, ਹਰਕੀਰਤ ਚਾਹਿਲ, ਡਾਕਟਰ ਨਗਬੀਰ ਸੰਧੂ ਲੁਧਿਆਣਾ,ਬਲਜਿੰਦਰ ਮੱਲ੍ਹੀ, ਹੋਰ ਬੁਲਾਰਿਆਂ ਨੇ ਵੱਖ ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਰੱਖੇ। ਇਸ ਮੌਕੇ ਨਾਮੀ ਲੋਕ ਗਾਇਕ ਬਲਵੀਰ ਲਹਿਰਾ ਨੇ ਵੀ ਮਾਂ ਬਾਰੇ ਅਤੇ ਪੰਜਾਬੀ ਬੋਲੀ ਦੇ ਉਸਾਰੂ ਗੀਤ ਗਾ ਕੇ ਮਾਹੌਲ ਨੂੰ ਹੋਰ ਸੁਹਾਵਣਾ ਕੀਤਾ।
ਇਸ ਮੌਕੇ ਉੱਘੇ ਖੇਡ ਪ੍ਰਮੋਟਰ ਮਨਮੋਹਣ ਗਰੇਵਾਲ ਮੋਹਣਾ ਜੋਧਾਂ , ਬਲਜੀਤ ਸਿੰਘ ਸੈਹਬੀ, ਕਰਨ ਸਿੱਧੂ, ਹਾਕਮ ਸਿੰਘ, ਦਮਨ ਚਾਹਿਲ, ਹਰਜਿੰਦਰ ਸਿੰਘ ਸਰੀਂਹ, ਰਾਜਿੰਦਰ ਕੌਰ ਛੱਜਾਵਾਲ , ਜਗਦੇਵ ਸਿੰਘ ਸੰਧੂ ਪੱਦੀਸੂਰਾ, ਸਰਬਜੀਤ ਸੰਧੂ, ਗੀਤਕਾਰ ਹਰਦਿਆਲ ਸਿੰਘ ਬਹਿਣੀਵਾਲ, ਕੁਲਵੰਤ ਸਾਹ , ਅਵਤਾਰ ਸਿੰਘ ਆਦਮਪੁਰੀ ਹੋਰ ਪ੍ਰਬੰਧਕ ਅਤੇ ਪੰਜਾਬੀ ਮਾਂ ਬੋਲੀ ਨਾਲ ਸਨੇਹ ਰੱਖਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਅੰਤ ਵਿੱਚ ਗੀਤਕਾਰ ਮਨਜੀਤ ਸਿੰਘ ਚਾਹਿਲ ਅਤੇ ਪ੍ਰਧਾਨ ਕਰਨੈਲ ਸਿੰਘ ਕੈਲ ਨੇ ਮੁੱਖ ਮਹਿਮਾਨ ਜੱਗੀ ਕੁੱਸਾ ਸਮੇਤ ਆਈਆ ਹੋਰ ਸਖ਼ਸ਼ੀਅਤਾਂ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕਰਦਿਆਂ, ਆਏ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਅਗਲੇ ਬਾਰੇ ਇਸ ਸਮਾਗਮ ਨੂੰ ਅੰਤਰਰਾਸ਼ਟਰੀ ਪੱਧਰ ਤੇ ਕਰਵਾਉਣ ਦਾ ਐਲਾਨ ਕੀਤਾ।
टिप्पणियाँ
एक टिप्पणी भेजें