ਖੰਨਾ ਪੁਲਿਸ ਦੀ ਚੌਕਸ ਸੁਰੱਖਿਆ ਨੇ ਜਿੱਤਿਆ ਭਰੋਸਾ, ਈਸੜੂ ਸਮਾਗਮ ’ਚ ਪਹਿਲੀ ਵਾਰ ਐੱਫ.ਆਰ.ਐੱਸ ਦੀ ਵਰਤੋਂ
ਖੰਨਾ ਪੁਲਿਸ ਦੀ ਚੌਕਸ ਸੁਰੱਖਿਆ ਨੇ ਜਿੱਤਿਆ ਭਰੋਸਾ, ਈਸੜੂ ਸਮਾਗਮ ’ਚ ਪਹਿਲੀ ਵਾਰ ਐੱਫ.ਆਰ.ਐੱਸ ਦੀ ਵਰਤੋਂ
ਐੱਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੁਖ਼ਤਾ ਸੁਰੱਖਿਆ ਪ੍ਰਬੰਧ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀ ਕੀਤੀ ਸ਼ਲਾਘਾ
ਖੰਨਾ, ਲੁਧਿਆਣਾ, 16 ਅਗਸਤ (ਮਨਜੀਤ ਸਿੰਘ ਰੋਮਾਣਾ) ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੀ ਯਾਦ ਵਿੱਚ ਖੰਨਾ ਦੇ ਪਿੰਡ ਈਸੜੂ ਵਿਖੇ ਕਰਵਾਏ ਗਏ ਰਾਜ ਪੱਧਰੀ ਸ਼ਹੀਦੀ ਸਮਾਗਮ ਦੌਰਾਨ ਖੰਨਾ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਚੌਕਸ ਅਤੇ ਪ੍ਰਭਾਵਸ਼ਾਲੀ ਰਹੇ। ਐੱਸ.ਐੱਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੁਲਿਸ ਵੱਲੋਂ ਸਮਾਗਮ ਸਥਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਦਾ ਵਿਆਪਕ ਪ੍ਰਬੰਧ ਕੀਤਾ ਗਿਆ। ਸਮਾਗਮ ਦੌਰਾਨ ਨਾਕਾਬੰਦੀ, ਸ਼ੱਕੀ ਵਿਅਕਤੀਆਂ ਦੀ ਨਿਗਰਾਨੀ, ਵਾਹਨਾਂ ਦੀ ਚੈਕਿੰਗ ਅਤੇ ਸੀ.ਸੀ.ਟੀ.ਵੀ ਸਮੇਤ ਆਧੁਨਿਕ ਤਕਨੀਕੀ ਸਾਧਨਾਂ ਦੀ ਵਰਤੋਂ ਕੀਤੀ ਗਈ। ਪੁਲਿਸ ਦੀ ਮੁਸਤੈਦੀ ਕਾਰਨ ਸਮਾਗਮ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਇਆ ਅਤੇ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।
ਈਸੜੂ ਸਮਾਗਮ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਸਭ ਤੋਂ ਅਹਿਮ ਵਿਸ਼ੇਸ਼ਤਾ ਫੇਸ਼ੀਅਲ ਰਿਕੋਗਨੀਸ਼ਨ ਸਿਸਟਮ (ਐੱਫ.ਆਰ.ਐੱਸ) ਦੀ ਵਰਤੋਂ ਰਹੀ। ਖੰਨਾ ਪੁਲਿਸ ਵੱਲੋਂ ਤਿਆਰ ਕੀਤੀ ਇਸ ਤਕਨੀਕ ਰਾਹੀਂ ਸੀ.ਸੀ.ਟੀ.ਵੀ ਫੁਟੇਜ ਅਤੇ ਲਾਈਵ ਕੈਮਰਾ ਫੀਡ ਦੀ ਮਦਦ ਨਾਲ ਸ਼ੱਕੀ ਅਤੇ ਲੋੜੀਂਦੇ ਵਿਅਕਤੀਆਂ ਦੀ ਪਛਾਣ ਕਰਨ ਦੀ ਵਿਵਸਥਾ ਕੀਤੀ ਗਈ।
ਪੁਲਿਸ ਅਨੁਸਾਰ ਸਿਸਟਮ ਵਿੱਚ ਕਿਸੇ ਲੋੜੀਂਦੇ ਵਿਅਕਤੀ ਦੀ ਤਸਵੀਰ ਅਤੇ ਸਬੰਧਤ ਜਾਣਕਾਰੀ ਅਪਲੋਡ ਕਰਨ ਤੋਂ ਬਾਅਦ ਉਸ ਦੇ ਚਿਹਰੇ ਦੀ ਵਿਸ਼ੇਸ਼ 512-ਡੀ ਫੇਸ ਐਂਬੈਡਿੰਗ ਤਿਆਰ ਹੁੰਦੀ ਹੈ। ਇਸ ਤੋਂ ਬਾਅਦ ਕੈਮਰਿਆਂ ਰਾਹੀਂ ਸਾਹਮਣੇ ਆਉਣ ਵਾਲੇ ਚਿਹਰਿਆਂ ਨੂੰ ਲਗਾਤਾਰ ਸਕੈਨ ਕੀਤਾ ਜਾਂਦਾ ਹੈ। ਸੰਭਾਵਿਤ ਮੈਚ ਮਿਲਣ ’ਤੇ ਸਿਸਟਮ ਤੁਰੰਤ ਅਲਰਟ ਜਾਰੀ ਕਰਦਾ ਹੈ, ਜਿਸ ਵਿੱਚ ਵਿਅਕਤੀ ਦਾ ਨਾਮ, ਮੈਚ ਪ੍ਰਤੀਸ਼ਤ, ਸਥਾਨ, ਤਾਰੀਖ ਅਤੇ ਸਮੇਂ ਵਰਗੀ ਜਾਣਕਾਰੀ ਸਾਹਮਣੇ ਆਉਂਦੀ ਹੈ। ਹਰੇਕ ਡਿਟੈਕਸ਼ਨ ਦਾ ਰਿਕਾਰਡ ਡੈਸ਼ਬੋਰਡ ’ਤੇ ਆਪਣੇ ਆਪ ਦਰਜ ਹੋਣ ਕਾਰਨ ਪੁਲਿਸ ਅਧਿਕਾਰੀ ਮੌਕੇ ’ਤੇ ਇਸ ਦੀ ਜਾਂਚ ਅਤੇ ਤਸਦੀਕ ਕਰ ਸਕਦੇ ਹਨ।
ਐੱਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਵਿੱਚ ਆਧੁਨਿਕ ਤਕਨਾਲੋਜੀ ਦੀ ਵਰਤੋਂ ਨੂੰ ਪੁਲਿਸਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਡਾ. ਆਹਲੂਵਾਲੀਆ ਨੇ ਖੰਨਾ ਪੁਲਿਸ ਦੀ ਅਗਵਾਈ ਸੰਭਾਲਣ ਤੋਂ ਬਾਅਦ ਅਪਰਾਧ ’ਤੇ ਕਾਬੂ ਪਾਉਣ ਦੇ ਨਾਲ-ਨਾਲ ਤਕਨਾਲੋਜੀ ਅਧਾਰਿਤ ਪੁਲਿਸਿੰਗ ’ਤੇ ਵੀ ਜ਼ੋਰ ਦਿੱਤਾ ਹੈ। ਈਸੜੂ ਵਰਗੇ ਇਤਿਹਾਸਕ ਸਥਾਨ ’ਤੇ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਵੱਖ-ਵੱਖ ਸਿਆਸੀ ਤੇ ਸਮਾਜਿਕ ਆਗੂਆਂ ਦੀ ਮੌਜੂਦਗੀ ਨੂੰ ਦੇਖਦਿਆਂ ਪੁਲਿਸ ਵੱਲੋਂ ਸੁਰੱਖਿਆ ਦੀਆਂ ਕਈ ਪਰਤਾਂ ਤਿਆਰ ਕੀਤੀਆਂ ਗਈਆਂ ਸਨ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੁਲਿਸ ਪ੍ਰਬੰਧਾਂ ਦੀ ਕੀਤੀ ਸ਼ਲਾਘਾ
ਰਾਜ ਪੱਧਰੀ ਸਮਾਗਮ ਵਿੱਚ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀ ਖੰਨਾ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਸਮਾਗਮ ਨੂੰ ਸੁਚੱਜੇ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਵਿੱਚ ਪੁਲਿਸ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਰਹੀ।
ਈਸੜੂ ਵਿੱਚ ਰਵਾਇਤੀ ਸੁਰੱਖਿਆ ਪ੍ਰਬੰਧਾਂ ਦੇ ਨਾਲ ਆਧੁਨਿਕ ਤਕਨਾਲੋਜੀ ਦੀ ਵਰਤੋਂ ਨੇ ਇਹ ਸਪੱਸ਼ਟ ਕੀਤਾ ਕਿ ਖੰਨਾ ਪੁਲਿਸ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧਾਂ ਨੂੰ ਤਕਨਾਲੋਜੀ ਨਾਲ ਜੋੜਨ ਵੱਲ ਵੀ ਲਗਾਤਾਰ ਅੱਗੇ ਵੱਧ ਰਹੀ ਹੈ।
टिप्पणियाँ
एक टिप्पणी भेजें