ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ’ਚ ਦਿੱਲੀ ਕਮੇਟੀ ਮੈਂਬਰਾਂ ਅਤੇ ਅਕਾਲੀ ਦਲ ਦਿੱਲੀ ਸਟੇਟ ਵੱਲੋਂ ਰਾਹੁਲ ਗਾਂਧੀ ਦੇ ਘਰ ਦਾ ਘਿਰਾਓ

ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ’ਚ ਦਿੱਲੀ ਕਮੇਟੀ ਮੈਂਬਰਾਂ ਅਤੇ ਅਕਾਲੀ ਦਲ ਦਿੱਲੀ ਸਟੇਟ ਵੱਲੋਂ ਰਾਹੁਲ ਗਾਂਧੀ ਦੇ ਘਰ ਦਾ ਘਿਰਾਓ

ਸੱਜਣ ਕੁਮਾਰ ਨੂੰ ਰੋਲ ਮਾਡਲ ਕਹਿਣ ਵਾਲੇ ਦੀਪਿੰਦਰ ਹੁੱਡਾ ਨੂੰ ਤੁਰੰਤ ਪਾਰਟੀ ਵਿਚੋਂ ਕੱਢ ਕੇ ਮੁਆਫੀ ਮੰਗਣ ਰਾਹੁਲ ਗਾਂਧੀ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ

ਪੁਲਿਸ ਨੇ ਕਾਲਕਾ ਤੇ ਕਾਹਲੋਂ ਸਮੇਤ ਸੈਂਕੜੇ ਆਗੂ ਕੀਤੇ ਗ੍ਰਿਫਤਾਰ

ਨਵੀਂ ਦਿੱਲੀ, 22 ਅਗਸਤ (ਮਨਜੀਤ ਸਿੰਘ ਰੋਮਾਣਾ) ਦਿੱਲੀ ਦੀ ਤਿਹਾੜ ਜੇਲ੍ਹ ਵਿਚ ਮੌਤ ਦਾ ਸ਼ਿਕਾਰ ਹੋਏ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਕਾਂਗਰਸ ਪਾਰਟੀ ਦਾ ਰੋਲ ਮਾਡਲ ਕਹਿਣ ’ਤੇ ਦੀਪਿੰਦਰ ਹੁੱਡਾ ਦੇ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਦਿੱਲੀ ਕਮੇਟੀ ਮੈਂਬਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਸੈਂਕੜੇ ਆਗੂਆਂ ਨੇ ਅੱਜ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਘਰ ਦਾ ਘਿਰਾਓ ਕੀਤਾ ਅਤੇ ਮੰਗ ਕੀਤੀ ਕਿ ਉਹ ਦੀਪਿੰਦਰ ਹੁੱਡਾ ਨੂੰ ਤੁਰੰਤ ਪਾਰਟੀ ਵਿਚੋਂ ਕੱਢਣ ਅਤੇ ਸਿੱਖ ਕੌਮ ਕੋਲੋਂ ਖਾਸ ਤੌਰ ’ਤੇ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਕੋਲੋਂ ਮੁਆਫੀ ਮੰਗਣ।
ਰਾਹੁਲ ਗਾਂਧੀ ਦੇ ਘਰ ਦਾ ਘਿਰਾਓ ਕਰ ਰਹੇ ਸਰਦਾਰ ਕਾਲਕਾ ਅਤੇ ਸਰਦਾਰ ਕਾਹਲੋਂ ਦੀ ਅਗਵਾਈ ਹੇਠ ਆਗੂਆਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਕਿਸੇ ਅਣਦੱਸੀ ਥਾਂ ’ਤੇ ਲੈ ਗਈ।
ਗ੍ਰਿਫਤਾਰੀ ਉਪਰੰਤ ਬੱਸ ਵਿਚ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਵਿਚ ਦੋਹਰੀ ਉਮਰ ਕੈਦ ਭੁਗਤ ਰਹੇ ਜ਼ਾਲਮ ਕਾਤਲ ਸੱਜਣ ਕੁਮਾਰ ਨੂੰ ਕਾਂਗਰਸ ਦੇ ਦੀਪਿੰਦਰ ਹੁੱਡਾ ਵਰਗੇ ਆਗੂ ਪਾਰਟੀ ਦਾ ਰੋਲ ਮਾਡਲ ਦੱਸ ਰਹੇ ਹਨ। ਉਹਨਾਂ ਕਿਹਾ ਕਿ ਕੀ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲਾ ਆਗੂ ਕਿਸੇ ਦਾ ਵੀ ਰੋਲ ਮਾਡਲ ਹੋ ਸਕਦਾ ਹੈ ? ਉਹਨਾਂ ਕਿਹਾ ਕਿ ਜੇਕਰ ਕਾਂਗਰਸ ਲਈ ਇਹ ਰੋਲ ਮਾਡਲ ਸੀ ਤਾਂ ਇਸ ਤੋਂ ਖੁਦ ਸਮਝਿਆ ਜਾ ਸਕਦਾ ਹੈ ਕਿ ਕਾਂਗਰਸ ਪਾਰਟੀ ਸਿੱਖਾਂ ਪ੍ਰਤੀ ਕਿਸ ਤਰੀਕੇ ਦੀ ਮਾਨਸਿਕਤਾ ਰੱਖਦੀ ਹੈ।
ਉਹਨਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਗਾਂਧੀ ਪਰਿਵਾਰ ਨੇ ਸਾਰੀ ਉਮਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕੀਤੀ ਹੈ। ਉਸਨੇ ਨਾ ਸਿਰਫ ਕਤਲੇਆਮ ਕਰਵਾਉਣ ਵਾਲੇ ਆਗੂਆਂ ਨੂੰ ਕੈਬਨਿਟ ਮੰਤਰੀ, ਲੋਕ ਸਭਾ ਅਤੇ ਰਾਜ ਸਭਾ ਮੈਂਬਰੀਆਂ, ਚੇਅਰਮੈਨੀਆਂ ਤੇ ਹੋਰ ਉੱਚ ਅਹੁਦੇ ਕੇ ਨਿਵਾਜਿਆ ਬਲਕਿ ਹਮੇਸ਼ਾ ਇਹਨਾਂ ਆਗੂਆਂ ਨੂੰ ਪਾਰਟੀ ਵਿਚ ਵੀ ਵੱਡੇ-ਵੱਡੇ ਅਹੁਦੇ ਦੇ ਕੇ ਜਿਥੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ, ਉਥੇ ਹੀ ਇਹ ਦੱਸ ਦਿੱਤਾ ਕਿ ਗਾਂਧੀ ਪਰਿਵਾਰ ਨੂੰ ਇਹ ਆਗੂ ਹਮੇਸ਼ਾ ਜਾਨ ਤੋਂ ਵੀ ਪਿਆਰੇ ਰਹੇ ਹਨ।
ਉਹਨਾਂ ਕਿਹਾ ਕਿ ਦੀਪਿੰਦਰ ਹੁੱਡਾ ਦਾ ਬਿਆਨ ਐਵੇਂ ਹੀ ਨਹੀਂ ਆ ਗਿਆ ਬਲਕਿ ਰਾਹੁਲ ਗਾਂਧੀ ਵੱਲੋਂ ਉਸਨੂੰ ਪੂਰਾ ਥਾਪੜਾ ਦਿੱਤਾ ਗਿਆ ਜਿਸ ਸਦਕਾ ਉਸਨੇ ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਿਆ।
ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂ ਵੀ ਇਹ ਵੇਖ ਲੈਣ ਕਿ ਕਿਵੇਂ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲਾ ਅੱਜ ਗਾਂਧੀ ਪਰਿਵਾਰ ਤੇ ਹੋਰ ਕਾਂਗਰਸੀ ਆਗੂਆਂ ਦਾ ਰੋਲ ਮਾਡਲ ਹੈ। ਉਹਨਾਂ ਕਿਹਾ ਕਿ ਜੇਕਰ ਹੁਣ ਵੀ ਕਾਂਗਰਸ ਨੇ ਆਪਣੀ ਮਾਨਸਿਕਤਾ ਨਾ ਬਦਲੀ ਤਾਂ ਇਸਨੂੰ ਲੋਕ ਇਕ ਵਾਰ ਫਿਰ ਤੋਂ ਕਰਾਰੀ ਹਾਰ ਦੇਣਗੇ ਜਿਵੇਂ ਪਹਿਲਾਂ ਦਿੱਤੀ ਸੀ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਹਮੇਸ਼ਾ 1984 ਦੇ ਸਿੱਖ ਕਤਲੇਆਮ ਕੇਸਾਂ ਦੇ ਦੋਸ਼ੀਆਂ ਖਿਲਾਫ ਕੇਸਾਂ ਦੀ ਪੈਰਵੀ ਡੱਟ ਕੇ ਕੀਤੀ ਸੀ ਤੇ ਹਮੇਸ਼ਾ ਕਰੇਗੀ ਤੇ ਸਾਰੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦੁਆ ਕੇ ਹੀ ਦਮ ਲਵੇਗੀ। 
ਇਸ ਮੌਕੇ ਵੱਡੀ ਗਿਣਤੀ ਵਿਚ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਅਹੁਦੇਦਾਰ, ਆਗੂ ਤੇ ਵਰਕਰ ਹਾਜ਼ਰ ਸਨ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ