ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ 'ਤੇ ਆਧਾਰਿਤ ਡਾਕੂਮੈਂਟਰੀ ਰਾਹੀਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦਾ ਵੱਡਾ ਉਪਰਾਲਾ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ 'ਤੇ ਆਧਾਰਿਤ ਡਾਕੂਮੈਂਟਰੀ ਰਾਹੀਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦਾ ਵੱਡਾ ਉਪਰਾਲਾ
ਬਲਾਕ ਮਾਛੀਵਾੜਾ ਸਾਹਿਬ ਅਤੇ ਰਾਏਕੋਟ ਦੇ ਪਿੰਡਾਂ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨਾਲ ਲੋਕਾਂ ਨੂੰ ਜੋੜਿਆ

ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਪੰਜਾਬ ਸਰਕਾਰ ਦੀ ਜਾਗਰੂਕਤਾ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਸਹਿਯੋਗ

ਲੁਧਿਆਣਾ, 18 ਜੁਲਾਈ (ਮਨਜੀਤ ਸਿੰਘ ਰੋਮਾਣਾ ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਯਾਦਗਾਰੀ ਸਮਾਗਮਾਂ ਤਹਿਤ ਅੱਜ ਬਲਾਕ ਮਾਛੀਵਾੜਾ ਸਾਹਿਬ ਦੇ ਪਿੰਡ ਕਕਰਾਲਾ ਕਲਾਂ, ਪਿੰਡ ਕਕਰਾਲਾ ਖੁਰਦ ਅਤੇ ਬਲਾਕ ਰਾਏਕੋਟ ਦੇ ਪਿੰਡ ਜਲਾਲਦੀਵਾਲ ਅਤੇ ਪਿੰਡ ਰਾਜਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਸਿੱਖਿਆਵਾਂ ਅਤੇ ਅਧਿਆਤਮਿਕ ਯਾਤਰਾ 'ਤੇ ਆਧਾਰਿਤ ਵਿਸ਼ੇਸ਼ ਡਾਕੂਮੈਂਟਰੀ ਦੀ ਸਕ੍ਰੀਨਿੰਗ ਕਰਵਾਈ ਗਈ। ਇਸ ਉਪਰਾਲੇ ਦਾ ਮੁੱਖ ਉਦੇਸ਼ ਲੋਕਾਂ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਅਤੇ ਉਨ੍ਹਾਂ ਦੀਆਂ ਸਰਬਸਾਂਝੀਆਂ ਸਿੱਖਿਆਵਾਂ ਨਾਲ ਜੋੜਨਾ ਹੈ।

ਲਗਭਗ 30 ਮਿੰਟ ਦੀ ਇਸ ਡਾਕੂਮੈਂਟਰੀ ਨੂੰ ਪਿੰਡ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਸਕ੍ਰੀਨਿੰਗ ਦੌਰਾਨ ਨੌਜਵਾਨਾਂ, ਔਰਤਾਂ, ਬਜ਼ੁਰਗਾਂ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਡਾਕੂਮੈਂਟਰੀ ਨੂੰ ਪੂਰੀ ਦਿਲਚਸਪੀ ਅਤੇ ਸ਼ਰਧਾ ਭਾਵਨਾ ਨਾਲ ਦੇਖਿਆ। ਹਾਜ਼ਰੀਨ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਸਮਾਜ ਨੂੰ ਆਪਣੀਆਂ ਆਧਿਆਤਮਿਕ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਡਾਕੂਮੈਂਟਰੀ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫਲਸਫੇ ਅਤੇ ਅਧਿਆਤਮਿਕ ਯਾਤਰਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ। ਇਸ ਵਿੱਚ ਗੁਰੂ ਸਾਹਿਬ ਦੀਆਂ ਬਰਾਬਰੀ, ਸਮਾਜਿਕ ਨਿਆਂ, ਦਇਆ, ਨਿਮਰਤਾ, ਨਿਸ਼ਕਾਮ ਸੇਵਾ ਅਤੇ ਪ੍ਰਮਾਤਮਾ ਪ੍ਰਤੀ ਅਟੁੱਟ ਭਗਤੀ ਦੀਆਂ ਸਦੀਵੀ ਸਿੱਖਿਆਵਾਂ ਨੂੰ ਉਜਾਗਰ ਕੀਤਾ ਗਿਆ। ਨਾਲ ਹੀ, ਜਾਤ-ਪਾਤ, ਵਿਤਕਰੇ ਅਤੇ ਸਮਾਜਿਕ ਅਸਮਾਨਤਾਵਾਂ ਤੋਂ ਮੁਕਤ ਸਮਾਜ ਦੀ ਉਨ੍ਹਾਂ ਦੀ ਕਲਪਨਾ ਨੂੰ ਵੀ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ, ਜੋ ਅੱਜ ਵੀ ਮਨੁੱਖਤਾ ਲਈ ਮਾਰਗਦਰਸ਼ਕ ਹੈ ਅਤੇ ਵਿਸ਼ਵ ਭਾਈਚਾਰੇ, ਸ਼ਾਂਤੀ, ਸਦਭਾਵਨਾ ਅਤੇ ਆਪਸੀ ਸਤਿਕਾਰ ਦੇ ਮੁੱਲਾਂ ਨੂੰ ਮਜ਼ਬੂਤ ਕਰਦੀ ਹੈ।

ਇਹ ਸਕ੍ਰੀਨਿੰਗ ਪੰਜਾਬ ਸਰਕਾਰ ਦੀ ਉਸ ਵਿਆਪਕ ਮੁਹਿੰਮ ਦਾ ਹਿੱਸਾ ਹੈ, ਜਿਸ ਦਾ ਮਕਸਦ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਮਹਾਨ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਅਤੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।

ਸਕ੍ਰੀਨਿੰਗ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਡਾਕੂਮੈਂਟਰੀ ਨੇ ਗੁਰੂ ਸਾਹਿਬ ਦੇ ਮਨੁੱਖਤਾ, ਸਮਾਨਤਾ, ਭਾਈਚਾਰੇ ਅਤੇ ਨਿਸ਼ਕਾਮ ਸੇਵਾ ਦੇ ਸੰਦੇਸ਼ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਸਮਾਜ ਵਿੱਚ ਆਪਸੀ ਸਾਂਝ, ਸਹਿਣਸ਼ੀਲਤਾ ਅਤੇ ਸਮਾਜਿਕ ਏਕਤਾ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਚੰਗੇ ਚਰਿੱਤਰ ਅਤੇ ਉੱਚੇ ਜੀਵਨ ਮੁੱਲਾਂ ਵੱਲ ਪ੍ਰੇਰਿਤ ਕਰਨ ਵਿੱਚ ਅਹਿਮ ਯੋਗਦਾਨ ਪਾਉਣਗੇ।

*ਡੱਬੀ ਲਈ ਪ੍ਰਸਤਾਵਿਤ*

ਜ਼ਿਕਰਯੋਗ ਹੈ ਕਿ 19 ਜੁਲਾਈ ਨੂੰ ਬਲਾਕ ਮਾਛੀਵਾੜਾ ਸਾਹਿਬ ਦੇ ਪਿੰਡ ਕੋਟਲਾ ਸ਼ਮਸ਼ਪੁਰ ਵਿਖੇ ਸ਼ਾਮ 6:00 ਵਜੇ ਅਤੇ ਪਿੰਡ ਮਲ ਮਾਜਰਾ ਵਿਖੇ ਸ਼ਾਮ 7:00 ਵਜੇ ਅਤੇ ਬਲਾਕ ਰਾਏਕੋਟ ਪਿੰਡ ਜੌਹਲਾਂ ਵਿਖੇ ਸ਼ਾਮ 6:00 ਵਜੇ ਅਤੇ ਪਿੰਡ ਮੁਹੰਮਦਪੁਰਾ ਵਿਖੇ ਸ਼ਾਮ 7:00 ਵਜੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਆਧਾਰਿਤ ਡਾਕੂਮੈਂਟਰੀ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ