ਜੰਨਤ ਏ ਜਰਖੜ ਵਿਖੇ ਸਾਉਣ ਦੇ ਮਹੀਨੇ ਨੂੰ ਸਮਰਪਿਤ ਤੀਆਂ ਦੇ ਤਿਉਹਾਰ ਦਾ ਨਿਵੇਕਲਾ ਮੇਲਾ
ਜੰਨਤ ਏ ਜਰਖੜ ਵਿਖੇ ਸਾਉਣ ਦੇ ਮਹੀਨੇ ਨੂੰ ਸਮਰਪਿਤ ਤੀਆਂ ਦੇ ਤਿਉਹਾਰ ਦਾ ਨਿਵੇਕਲਾ ਮੇਲਾ
ਪੰਜਾਬ ਦੀਆਂ ਖੇਡਾਂ ਦੇ ਨਾਲ ਨਾਲ ਸ ਜਗਰੂਪ ਸਿੰਘ ਜਰਖੜ ਵੱਲੋਂ ਸਭਿਆਚਾਰ ਨੂੰ ਵੀ ਸੁਰਜੀਤ ਰੱਖਣ ਦੀ ਭੂਮਿਕਾ ਬੇਹੱਦ ਸ਼ਲਾਘਾਯੋਗ - ਪਾਲੀ ਮਾਂਗਟ
ਡਰੈਗਨ ਭੰਗੜਾ ਅਕੈਡਮੀ ਦੇ ਬੱਚਿਆਂ ਨੇ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਯਾਦ ਕਰਾਈ ਪੁਰਾਣੀ ਸੱਭਿਆਚਾਰਕ ਵਿਰਾਸਤ
ਲੁਧਿਆਣਾ 12 ਜੁਲਾਈ (ਮਨਜੀਤ ਸਿੰਘ ਰੋਮਾਣਾ) ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਜਰਖੜ ਵਿਖ਼ੇ ਕੁਦਰਤ ਦੀ ਗੋਦ ਜਿਹੀ ਧਰਤੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦਾ ਮਿਊਜੀਅਮ ਜੰਨਤ ਏ ਜਰਖੜ ਲੁਧਿਆਣਾ ਵਿਖੇ ਸਾਉਣ ਦੇ ਮਹੀਨੇ ਨੂੰ ਚੜ੍ਹਨ ਤੋਂ ਪਹਿਲਾਂ ਹੀ ਤੀਆਂ ਦਾ ਤਿਉਹਾਰ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਬਹੁਤ ਹੀ ਸੱਭਿਆਚਾਰਕ ਤੇ ਸੁਹਾਵਨੇ ਮਾਹੌਲ ਵਿੱਚ ਮਨਾਏ ਗਏ ਇਸ ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਉੱਘੇ ਫ਼ਿਲਮੀ ਅਦਾਕਾਰ ਪਾਲੀ ਮਾਂਗਟ ਨੇ ਕਿਹਾ ਕਿ ਜੋ ਕੌਮਾਂ ਆਪਣੇ ਵਿਰਸੇ ਨੂੰ ਯਾਦ ਰੱਖਦੀਆਂ ਹਨ ਉਹ ਕਦੇ ਖ਼ਤਮ ਨਹੀਂ ਹੁੰਦੀਆਂ ਅਤੇ ਜੰਨਤ ਏ ਜਰਖੜ ਦੇ ਨਿਰਮਾਤਾ, ਉੱਘੇ ਅੰਤਰ ਰਾਸ਼ਟਰੀ ਖੇਡ ਪ੍ਰਮੋਟਰ ਤੇ ਸੀਨੀਅਰ ਪੱਤਰਕਾਰ ਸ ਜਗਰੂਪ ਸਿੰਘ ਜਰਖੜ ਵੱਲੋਂ ਕਰਵਾਏ ਜਾ ਰਹੇ ਇਹੋ ਜਿਹੇ ਸਭਿਆਚਾਰਕ ਸਮਾਗਮ ਅੱਜ ਦੇ ਸਮੇਂ ਦੀ ਮੁੱਖ ਲੋੜ ਹਨ ਅਤੇ ਸ ਜਰਖੜ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਬੇਹੱਦ ਸ਼ਲਾਘਾ ਯੋਗ ਹੈ। ਇਸ ਮੌਕੇ ਡਰੈਗਨ ਅਕੈਡਮੀ ਲੁਧਿਆਣਾ ਦੇ ਬੱਚਿਆਂ ਨੇ ਸ: ਦਿਲਬਾਗ ਸਿੰਘ ਦੀ ਅਗਵਾਈ ਹੇਠ ਆਪਣੇ ਗੀਤ ਸੰਗੀਤ, ਗਿੱਧਾ, ਭੰਗੜਾ ਅਤੇ ਸੱਭਿਆਚਾਰ ਗੀਤਾਂ ਉੱਤੇ ਕੋਰੀਓਗਰਾਫੀ ਕਰਕੇ ਪੰਜਾਬ ਦੇ ਪੁਰਾਣੇ ਸਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕੀਤੀ। ਇਥੇ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਵੀ ਗਿੱਧਾ ਪਾ ਕੇ ਤੀਆਂ ਦੇ ਤਿਉਹਾਰ ਦੇ ਨਾਲ ਨਾਲ ਜਲੇਬੀਆਂ, ਸੈਂਡਵਿਚ ਤੇ ਕੋਲਡਰਿੰਕ ਦਾ ਲੁਤਫ਼ ਲਿਆ। ਇਸ ਮੌਕੇ 1982 ਏਸ਼ੀਅਨ ਖੇਡਾਂ ਦੇ ਜੇਤੂ ਹਾਕੀ ਗੋਲਡ ਮੈਡਲਿਸਟ ਅਤੇ ਸੇਵਾ ਮੁਕਤ ਪ੍ਰਿੰਸੀਪਲ ਸ੍ਰੀਮਤੀ ਸ਼ਰਨਜੀਤ ਕੌਰ ਨੇ ਨਵੀਂ ਪੀੜ੍ਹੀ ਨੂੰ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਆਂ ਪੰਜਾਬ ਦਾ ਇੱਕ ਪ੍ਰਸਿੱਧ ਸੱਭਿਆਚਾਰਕ ਤਿਉਹਾਰ ਹੈ ਜੋ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਪੂਰਨਮਾਸ਼ੀ ਤੱਕ ਮਨਾਇਆ ਜਾਂਦਾ ਹੈ । ਇਸ ਇਤਿਹਾਸਕ ਤਿਉਹਾਰ ਵਿੱਚ ਮੁਟਿਆਰਾਂ ਪਿੱਪਲਾਂ-ਟਾਹਣੀਆਂ 'ਤੇ ਪੀਂਘਾਂ ਝੂਟਦੀਆਂ, ਗਿੱਧਾ ਪਾਉਂਦੀਆਂ, ਲੋਕ-ਬੋਲੀਆਂ ਗਾਉਂਦੀਆਂ ਅਤੇ ਮਹਿੰਦੀ ਲਗਾਉਂਦੀਆਂ ਹਨ। ਇਹ ਤਿਉਹਾਰ ਮੁੱਖ ਤੌਰ 'ਤੇ ਵਿਆਹੀਆਂ-ਵਰ੍ਹੀਆਂ ਕੁੜੀਆਂ ਦੇ ਆਪਣੇ ਪੇਕੇ ਘਰ ਇਕੱਠੀਆਂ ਹੋਣ ਦਾ ਪ੍ਰਤੀਕ ਹੈ ਅਤੇ ਪੁਰਾਣੇ ਸਮੇਂ ਵਿੱਚ, ਸੱਸ-ਨੂੰਹ ਦੇ ਰਿਸ਼ਤੇ ਵਿੱਚ ਸਾਉਣ ਮਹੀਨੇ ਇਕੱਠੇ ਰਹਿਣ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਸੀ ਇਸ ਲਈ ਵਿਆਹੁਤਾ ਧੀਆਂ ਪੇਕੇ ਆ ਕੇ ਆਪਣੀਆਂ ਸਹੇਲੀਆਂ ਨੂੰ ਮਿਲਦੀਆਂ ਸਨ ਅਤੇ ਆਪਣੇ ਵਿਆਹੁਤਾ ਜੀਵਨ ਦੀਆਂ ਕੌੜੀਆਂ ਮਿੱਠੀਆਂ ਗੱਲਾਂ ਸਾਂਝੀਆਂ ਕਰਦੀਆਂ ਸਨ। ਇਸ ਸਮੇਂ ਦੌਰਾਨ ਖੀਰ, ਪੂੜੇ ਅਤੇ ਗੁਲਗੁਲੇ ਵਰਗੇ ਪਕਵਾਨ ਬਣਾਏ ਜਾਂਦੇ ਹਨ । ਸਮੇਂ ਦੇ ਬਦਲਾਅ ਨਾਲ ਹੁਣ ਇਸ ਨੂੰ ਸ਼ਹਿਰੀ ਅਤੇ ਵਿਦੇਸ਼ੀ ਪੱਧਰ 'ਤੇ ਵੀ ਸੱਭਿਆਚਾਰਕ ਮੇਲਿਆਂ ਵਜੋਂ ਆਯੋਜਿਤ ਕੀਤਾ ਜਾਂਦਾ ਹੈ । ਉਹਨਾਂ ਦੱਸਿਆ ਜੰਨਤ ਏ ਜਰਖੜ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਉਹਨਾਂ ਨੇ ਇਸ ਪੱਧਰ 'ਤੇ ਤੀਆਂ ਦਾ ਤਿਓਹਾਰ ਮਨਾਇਆ ਹੈ। ਇਸ ਮੌਕੇ ਮੇਲੇ ਦੇ ਮੁੱਖ ਸੰਚਾਲਕ ਸ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਉਹਨਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕੀਤੇ ਜਦਕਿ ਸਟੇਜ ਦਾ ਸੰਚਾਲਨ ਗੁਰਦਾਸ ਸਿੰਘ ਕੈੜਾ ਨੇ ਬਾਖੂਬੀ ਨਿਭਾਇਆ । ਇਸ ਮੌਕੇ ਅਮਰੀਕ ਸਿੰਘ ਮਿਨਹਾਸ ਏ ਆਈbਜੀ ਪੰਜਾਬ ਪੁਲਿਸ, ਸਾਬਕਾ ਅੰਤਰਰਾਸ਼ਟਰੀ ਵੇਟ ਲਿਫਟਰ ਹਰਦੀਪ ਸਿੰਘ ਬੀਰਮਪੁਰ , ਜੰਨਤ ਏ ਜਰਖੜ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਅਜੀਤ ਸਿੰਘ ਲਾਦੀਆਂ ਕੁਲਦੀਪ ਸਿੰਘ ਘਵੱਦੀ , ਦਲਵੀਰ ਸਿੰਘ ਜਰਖੜ, ਦਿਲਬਾਗ ਸਿੰਘ ਐਮ ਡੀ ਡਰੈਗਨ ਅਕੈਡਮੀ , ਕੁਲਦੀਪ ਸਿੰਘ ਦੁੱਗਲ , ਮੁਹੰਮਦ ਹਰਨੂਨ ਮਾਲੇਰਕੋਟਲਾ ਤੋਂ ਇਲਾਵਾ ਬੀਬੀ ਇੰਦਰਜੀਤ ਕੌਰ ਧਾਂਦਰਾ, ਰਵਿੰਦਰ ਕੌਰ ਧਾਲੀਵਾਲ, ਡਾਕਟਰ ਰੇਖਾ ਕੁਮਾਰੀ ਲੁਧਿਆਣਾ, ਰਮਨਪ੍ਰੀਤ ਕੌਰ ਲੁਧਿਆਣਾ, ਪਰਮਜੀਤ ਕੌਰ ਜਰਖੜ, ਗੁਰਸਿਮਰਤ ਕੌਰ, ਹਰਮਨਪ੍ਰੀਤ ਕੌਰ ਜਰਖੜ, ਅਮਰਜੀਤ ਕੌਰ ਲਾਦੀਆਂ ਆਦਿ ਸਮੇਤ ਹੋਰ ਪ੍ਰਬੰਧਕ ਮਹਿਮਾਨ ਅਤੇ ਬੀਬੀਆਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਸਾਉਣ ਦੇ ਮਹੀਨੇ ਵੱਡੇ ਪੱਧਰ 'ਤੇ ਜੰਨਤ ਏ ਜਰਖੜ ਵਿਖੇ ਤੀਆਂ ਦੇ ਤਿਉਹਾਰ ਮਨਾਏ ਜਾਣਗੇ ਤਾਂ ਜੋ ਸਾਡੀਆਂ ਬੱਚੀਆਂ , ਧੀਆਂ ਭੈਣਾਂ ਨੂੰ ਸਾਡੇ ਵਿਰਾਸਤੀ ਤੀਆਂ ਦੇ ਤਿਉਹਾਰ ਦੀ ਅਹਿਮੀਅਤ ਅਤੇ ਮਹੱਤਤਾ ਬਾਰੇ ਜਾਣਕਾਰੀ ਮਿਲ ਸਕੇ ਅਤੇ ਬੱਚੇ ਪੰਜਾਬੀ ਸੱਭਿਆਚਾਰ ਨਾਲ ਜੁੜ ਸਕਣ। ਇਸ ਵਾਸਤੇ ਮਿਊਜ਼ੀਅਮ ਦੀ ਨੋਰਮਲ ਬੁਕਿੰਗ ਹੋਵੇਗੀ। ਇਸ ਮੌਕੇ ਅਮਰੀਕ ਸਿੰਘ ਮਿਨਹਾਸ ਏ ਆਈ ਜੀ ਅਤੇ ਹਰਦੀਪ ਸਿੰਘ ਬੀਰਮਪੁਰ ਆਏ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ।
टिप्पणियाँ
एक टिप्पणी भेजें