ਆਈ ਐਮ ਏ ਲੁਧਿਆਣਾ ਸ਼ਾਖਾ ਨੇ ਦਿੱਲੀ ਚ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਤੇ ਹੋਏ ਲਾਠੀਚਾਰਜ ਦੀ ਕੀਤੀ ਸਖ਼ਤ ਸ਼ਬਦਾਂ ਵਿੱਚ ਨਿੰਦਾ

ਆਈ ਐਮ ਏ ਲੁਧਿਆਣਾ ਸ਼ਾਖਾ ਨੇ ਦਿੱਲੀ ਚ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਤੇ ਹੋਏ ਲਾਠੀਚਾਰਜ ਦੀ ਕੀਤੀ ਸਖ਼ਤ ਸ਼ਬਦਾਂ ਵਿੱਚ ਨਿੰਦਾ 
ਲੁਧਿਆਣਾ 24 ਜੁਲਾਈ (ਮਨਜੀਤ ਸਿੰਘ ਰੋਮਾਣਾ) ਪੰਜਾਬ ਦੀ ਸਭ ਤੋਂ ਵੱਡੀ ਸ਼ਾਖਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਲੁਧਿਆਣਾ ਨੇ 20 ਜੁਲਾਈ 2026 ਨੂੰ ਸੰਸਦ ਵੱਲ ਮਾਰਚ ਕਰ ਰਹੇ ਨਿਹੱਥੇ ਵਿਦਿਆਰਥੀਆਂ 'ਤੇ ਦਿੱਲੀ ਪੁਲਿਸ ਵੱਲੋਂ ਕੀਤੇ ਗਏ ਬਲ ਪ੍ਰਯੋਗ ਦੀ ਸਖ਼ਤ ਨਿੰਦਾ ਕੀਤੀ ਹੈ। ਐਸੋਸੀਏਸ਼ਨ ਨੇ NEET-UG 2026 ਪੇਪਰ ਲੀਕ, ਪ੍ਰੀਖਿਆ ਰੱਦ ਹੋਣ ਅਤੇ ਇਸ ਤੋਂ ਬਾਅਦ ਪੈਦਾ ਹੋਈਆਂ ਸਥਿਤੀਆਂ ਦੌਰਾਨ ਵਿਦਿਆਰਥੀਆਂ ਦੀਆਂ ਮੌਤਾਂ ਲਈ ਕੇਂਦਰ ਸਰਕਾਰ ਤੋਂ ਜਵਾਬਦੇਹੀ ਤੈਅ ਕਰਨ ਦੀ ਵੀ ਮੰਗ ਕੀਤੀ ਹੈ।

ਇਸ ਸਬੰਧੀ ਆਈ ਐਮ ਏ ਲੁਧਿਆਣਾ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਇੱਕ ਰਸਮੀ ਵਿਰੋਧ ਪੱਤਰ ਭੇਜਿਆ ਹੈ। ਇਸ ਦੀਆਂ ਕਾਪੀਆਂ ਦਿੱਲੀ ਪੁਲਿਸ ਕਮਿਸ਼ਨਰ, ਦਿੱਲੀ ਦੀ ਮੁੱਖ ਮੰਤਰੀ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਵੀ ਭੇਜੀਆਂ ਗਈਆਂ ਹਨ।

ਐਸੋਸੀਏਸ਼ਨ ਮੈਂਬਰਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਅਤੇ ਖ਼ਬਰ ਮਾਧਿਅਮਾਂ ਵਿੱਚ ਸਾਹਮਣੇ ਆਈਆਂ ਵੀਡੀਓਜ਼ ਬਹੁਤ ਚਿੰਤਾਜਨਕ ਹਨ ਅਤੇ ਉਨ੍ਹਾਂ ਵਿੱਚ ਦਿਖਾਈ ਗਈ ਪੁਲਿਸ ਕਾਰਵਾਈ "ਪੂਰੀ ਤਰ੍ਹਾਂ ਅਸਵੀਕਾਰਯੋਗ, ਗੈਰ-ਵਾਜਬ ਅਤੇ ਅਣਮਨੁੱਖੀ" ਹੈ। ਆਈ ਐਮ ਏ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋਸ਼ੀਆਂ ਖ਼ਿਲਾਫ਼ ਸਮਾਂਘਘਬੱਧ ਕਾਰਵਾਈ ਨਹੀਂ ਕੀਤੀ ਗਈ ਤਾਂ ਲੁਧਿਆਣਾ ਦਾ ਡਾਕਟਰੀ ਭਾਈਚਾਰਾ ਮੋਮਬੱਤੀ ਮਾਰਚ ਅਤੇ ਸ਼ਾਂਤਮਈ ਵਿਰੋਧ ਮਾਰਚ ਕਰੇਗਾ।

ਆਈ ਐਮ ਏ ਲੁਧਿਆਣਾ ਦੇ ਸਰਪ੍ਰਸਤ ਡਾ. ਮਨੋਜ ਕੇ. ਸੋਬਤੀ ਨੇ ਕਿਹਾ, "ਡਾਕਟਰ ਹੋਣ ਦੇ ਨਾਤੇ ਸਾਡਾ ਫਰਜ਼ ਹਿੰਸਾ ਵਿੱਚ ਜ਼ਖ਼ਮੀ ਹੋਏ ਲੋਕਾਂ ਦਾ ਇਲਾਜ ਕਰਨਾ ਹੈ। ਇਸ ਲਈ ਨਿਹੱਥੇ ਨੌਜਵਾਨ ਵਿਦਿਆਰਥੀਆਂ 'ਤੇ ਬਲ ਪ੍ਰਯੋਗ ਨੂੰ ਅਸੀਂ ਚੁੱਪ ਰਹਿ ਕੇ ਨਹੀਂ ਦੇਖ ਸਕਦੇ। ਖ਼ਾਸ ਕਰਕੇ ਵਿਦਿਆਰਥਣਾਂ ਨਾਲ ਹੋਏ ਦੁਰਵਿਵਹਾਰ ਅਤੇ ਬਲ ਪ੍ਰਯੋਗ ਨੂੰ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।"

ਉਨ੍ਹਾਂ ਕਿਹਾ ਕਿ NEET-UG 2026 ਪ੍ਰੀਖਿਆ ਰੱਦ ਹੋਣ ਅਤੇ ਮੁੜ ਪ੍ਰੀਖਿਆ ਵਿਚਕਾਰ ਕਈ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਕਰਨ ਦੀਆਂ ਘਟਨਾਵਾਂ ਬਹੁਤ ਹੀ ਦੁਖਦਾਈ ਹਨ। ਇਹ ਕੇਵਲ ਨਿੱਜੀ ਤ੍ਰਾਸਦੀਆਂ ਨਹੀਂ, ਸਗੋਂ ਪ੍ਰੀਖਿਆ ਪ੍ਰਣਾਲੀ ਦੀ ਨਾਕਾਮੀ ਦਾ ਨਤੀਜਾ ਹਨ। ਸਰਕਾਰ ਨੂੰ ਇਨ੍ਹਾਂ ਘਟਨਾਵਾਂ ਦੀ ਨੈਤਿਕ ਅਤੇ ਪ੍ਰਸ਼ਾਸਨਿਕ ਜ਼ਿੰਮੇਵਾਰੀ ਸਵੀਕਾਰ ਕਰਦੇ ਹੋਏ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਸੁਧਾਰ ਕਰਨੇ ਚਾਹੀਦੇ ਹਨ।

ਆਈ ਐਮ ਏ ਲੁਧਿਆਣਾ ਨੇ ਕਿਹਾ ਕਿ 3 ਮਈ 2026 ਨੂੰ ਹੋਈ NEET-UG ਪ੍ਰੀਖਿਆ ਪੇਪਰ ਲੀਕ ਦੇ ਦੋਸ਼ਾਂ ਕਾਰਨ ਰੱਦ ਕਰ ਦਿੱਤੀ ਗਈ ਸੀ, ਜਿਸ ਨਾਲ 22 ਲੱਖ ਤੋਂ ਵੱਧ ਵਿਦਿਆਰਥੀ ਪ੍ਰਭਾਵਿਤ ਹੋਏ। ਇਸ ਤੋਂ ਬਾਅਦ ਲਗਾਤਾਰ ਵਿਦਿਆਰਥੀ ਅੰਦੋਲਨ ਚੱਲਦੇ ਰਹੇ ਅਤੇ 20 ਜੁਲਾਈ ਨੂੰ ਸੰਸਦ ਮਾਰਚ ਦੌਰਾਨ ਪੁਲਿਸ ਵੱਲੋਂ ਲਾਠੀਚਾਰਜ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। ਬਾਅਦ ਵਿੱਚ ਦਿੱਲੀ ਹਾਈ ਕੋਰਟ ਨੇ ਇਸ ਮਾਮਲੇ ਵਿੱਚ CCTV ਫੁਟੇਜ ਅਤੇ ਵੀਡੀਓ ਰਿਕਾਰਡ ਸੁਰੱਖਿਅਤ ਰੱਖਣ ਦੇ ਹੁਕਮ ਵੀ ਜਾਰੀ ਕੀਤੇ।

ਆਈ ਐਮ ਏ ਲੁਧਿਆਣਾ ਦੇ ਪ੍ਰਧਾਨ ਡਾ. ਪਵਨ ਢੀਂਗਰਾ ਨੇ ਕਿਹਾ ਕਿ ਆਈ ਐਮ ਏ ਇੱਕ ਗੈਰ-ਰਾਜਨੀਤਿਕ ਸੰਸਥਾ ਹੈ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਹੱਕ ਜਾਂ ਵਿਰੋਧ ਵਿੱਚ ਨਹੀਂ ਹੈ। ਸਾਡਾ ਮਕਸਦ ਕੇਵਲ ਵਿਦਿਆਰਥੀਆਂ ਦੇ ਅਧਿਕਾਰਾਂ, ਉਨ੍ਹਾਂ ਦੀ ਸੁਰੱਖਿਆ ਅਤੇ ਨਿਰਪੱਖ ਪ੍ਰੀਖਿਆ ਪ੍ਰਣਾਲੀ ਦੀ ਰੱਖਿਆ ਕਰਨਾ ਹੈ। ਉਨ੍ਹਾਂ ਦਿੱਲੀ ਹਾਈ ਕੋਰਟ ਦੇ ਹੁਕਮ ਦਾ ਸਵਾਗਤ ਕਰਦਿਆਂ ਮੰਗ ਕੀਤੀ ਕਿ ਉਪਲਬਧ ਵੀਡੀਓ ਅਤੇ CCTV ਫੁਟੇਜ ਦੇ ਆਧਾਰ 'ਤੇ ਨਿਰਪੱਖ ਜਾਂਚ ਕਰਕੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਇਥੇ ਦੱਸਣਯੋਗ ਹੈ ਕਿ ਆਈ ਐਮ ਏ ਲੁਧਿਆਣਾ ਦੀਆਂ ਮੁੱਖ ਮੰਗਾਂ ਵਿੱਚ 20 ਜੁਲਾਈ 2026 ਦੀ ਪੁਲਿਸ ਕਾਰਵਾਈ ਦੀ ਸੁਤੰਤਰ ਅਤੇ ਸਮੇਂਬੱਧ ਨਿਆਂਇਕ ਜਾਂਚ ਕਰਕੇ ਉਸ ਦੀ ਰਿਪੋਰਟ ਜਨਤਕ ਕੀਤੀ ਜਾਵੇ, ਜਾਂਚ ਪੂਰੀ ਹੋਣ ਤੱਕ ਵੀਡੀਓ ਫੁਟੇਜ ਵਿੱਚ ਪਛਾਣੇ ਗਏ ਸਾਰੇ ਸੰਬੰਧਿਤ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਵੇ ਅਤੇ ਦੋਸ਼ ਸਾਬਤ ਹੋਣ 'ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਜ਼ਖ਼ਮੀ ਸਾਰੇ ਵਿਦਿਆਰਥੀਆਂ ਨੂੰ ਤੁਰੰਤ ਡਾਕਟਰੀ ਅਤੇ ਮਨੋਵਿਗਿਆਨਕ ਸਹਾਇਤਾ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਮੈਡੀਕਲ ਰਿਕਾਰਡ ਸੁਰੱਖਿਅਤ ਰੱਖੇ ਜਾਣ, NEET-UG 2026 ਸੰਕਟ ਦੌਰਾਨ ਹੋਈਆਂ ਵਿਦਿਆਰਥੀਆਂ ਦੀਆਂ ਮੌਤਾਂ ਲਈ ਕੇਂਦਰ ਸਰਕਾਰ ਜਵਾਬਦੇਹੀ ਸਵੀਕਾਰ ਕਰੇ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਉਚਿਤ ਆਰਥਿਕ ਸਹਾਇਤਾ ਅਤੇ ਕਾਊਂਸਲਿੰਗ ਮੁਹੱਈਆ ਕਰਵਾਈ ਜਾਵੇ, ਰਾਸ਼ਟਰੀ ਪ੍ਰੀਖਿਆ ਏਜੰਸੀ ਅਤੇ ਪ੍ਰੀਖਿਆ ਸੁਰੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੀ ਦੁਹਰਾਈ ਨਾ ਹੋਵੇ, ਸ਼ਾਂਤਮਈ ਪ੍ਰਦਰਸ਼ਨਾਂ ਦੌਰਾਨ ਪੁਲਿਸ ਕਾਰਵਾਈ ਲਈ ਸਪਸ਼ਟ ਮਿਆਰੀ ਸੰਚਾਲਨ ਪ੍ਰਕਿਰਿਆ (SOP) ਤਿਆਰ ਕੀਤੀ ਜਾਵੇ ਅਤੇ ਮਹਿਲਾ ਪ੍ਰਦਰਸ਼ਨਕਾਰੀਆਂ ਨਾਲ ਪੁਰਸ਼ ਪੁਲਿਸ ਕਰਮਚਾਰੀਆਂ ਵੱਲੋਂ ਸਰੀਰਕ ਬਲ ਦੀ ਵਰਤੋਂ 'ਤੇ ਪੂਰੀ ਪਾਬੰਦੀ ਲਗਾਈ ਜਾਵੇ ਆਦਿ ਸ਼ਾਮਲ ਹਨ 

ਆਈ ਐਮ ਏ ਲੁਧਿਆਣਾ ਦੇ ਸਕੱਤਰ ਡਾ. ਆਸ਼ੀਸ਼ ਓਹਰੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਭੇਜਿਆ ਗਿਆ ਪੱਤਰ ਸਿਰਫ਼ ਪਹਿਲਾ ਕਦਮ ਹੈ। ਜੇਕਰ ਸਰਕਾਰ ਵੱਲੋਂ ਜਲਦੀ ਅਤੇ ਭਰੋਸੇਯੋਗ ਕਾਰਵਾਈ ਨਹੀਂ ਕੀਤੀ ਗਈ ਤਾਂ ਆਈ ਐਮ ਏ ਲੁਧਿਆਣਾ, ਆਈ ਐਮ ਏ ਪੰਜਾਬ ਅਤੇ ਹੋਰ ਸ਼ਾਖਾਵਾਂ ਦੇ ਸਹਿਯੋਗ ਨਾਲ ਡਾਕਟਰਾਂ ਦਾ ਮੋਮਬੱਤੀ ਮਾਰਚ ਅਤੇ ਸ਼ਾਂਤਮਈ ਵਿਰੋਧ ਮਾਰਚ ਆਯੋਜਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਾਡੀ ਪਹਿਲੀ ਤਰਜੀਹ ਨਿਆਂ, ਜਵਾਬਦੇਹੀ ਅਤੇ ਵਿਦਿਆਰਥੀਆਂ ਦਾ ਭਰੋਸਾ ਮੁੜ ਕਾਇਮ ਕਰਨਾ ਹੈ।

ਆਈ ਐਮ ਏ ਲੁਧਿਆਣਾ ਨੇ ਦੇਸ਼ ਭਰ ਦੇ ਵਿਦਿਆਰਥੀਆਂ ਨਾਲ ਆਪਣੀ ਏਕਤਾ ਪ੍ਰਗਟ ਕਰਦਿਆਂ ਪੰਜਾਬ ਅਤੇ ਦੇਸ਼ ਦੀਆਂ ਸਾਰੀਆਂ ਆਈ ਐਮ ਏ ਸ਼ਾਖਾਵਾਂ ਨੂੰ ਇਸ ਮੁਹਿੰਮ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ