ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਜਗਰਾਉਂ ਦੇ ਪਿੰਡ ਮਾਣੂੰਕੇ ਵਿੱਚ 44.40 ਕਰੋੜ ਦੇ ਸਿੰਚਾਈ ਪ੍ਰੋਜੈਕਟ ਲੋਕ ਅਰਪਿਤ ਕੀਤੇ
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਜਗਰਾਉਂ ਦੇ ਪਿੰਡ ਮਾਣੂੰਕੇ ਵਿੱਚ 44.40 ਕਰੋੜ ਦੇ ਸਿੰਚਾਈ ਪ੍ਰੋਜੈਕਟ ਲੋਕ ਅਰਪਿਤ ਕੀਤੇ
ਮਾਣੂੰਕੇ ਰਜਬਾਹਾ ਸਿਸਟਮ ਦੀ ਕੰਕਰੀਟ ਲਾਈਨਿੰਗ ਨਾਲ 5,000 ਏਕੜ ਹੋਰ ਜ਼ਮੀਨ ਨੂੰ ਮਿਲੇਗਾ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ
ਮਾਣੂੰਕੇ ਰਜਬਾਹਾ ਪ੍ਰੋਜੈਕਟ ਮੁਕੰਮਲ, 13,521 ਏਕੜ ਤੱਕ ਪੁੱਜੇਗਾ ਨਹਿਰੀ ਪਾਣੀ
ਜਗਰਾਉਂ, ਦਾਖਾ ਤੇ ਨਿਹਾਲ ਸਿੰਘ ਵਾਲਾ ਹਲਕੇ ਦੇ 22 ਪਿੰਡਾਂ ਨੂੰ ਮਿਲੇਗਾ ਬਿਹਤਰ ਨਹਿਰੀ ਸਿੰਚਾਈ ਦਾ ਲਾਭ
ਜਗਰਾਉਂ ਵਿੱਚ 76.25 ਕਿਲੋਮੀਟਰ ਨਹਿਰੀ ਖਾਲਾਂ ਹੋਈਆਂ ਪੱਕੀਆਂ, ਕਿਸਾਨਾਂ ਨੂੰ ਮਿਲੇਗਾ ਸਿੱਧਾ ਲਾਭ
ਨਹਿਰੀ ਪਾਣੀ ਦਾ ਦਾਇਰਾ ਵਧਿਆ, ਟਿਊਬਵੈੱਲਾਂ 'ਤੇ ਨਿਰਭਰਤਾ ਘਟੇਗੀ: ਜਲ ਸਰੋਤ ਮੰਤਰੀ ਗੋਇਲ
ਜਗਰਾਉਂ (ਲੁਧਿਆਣਾ), 9 ਜੁਲਾਈ (ਮਨਜੀਤ ਸਿੰਘ ਰੋਮਾਣਾ) ਪੰਜਾਬ ਦੇ ਖਣਨ ਤੇ ਭੂ-ਵਿਗਿਆਨ, ਭੂਮੀ ਤੇ ਜਲ ਸੰਭਾਲ ਅਤੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਵੀਰਵਾਰ ਨੂੰ ਹਲਕਾ ਜਗਰਾਉਂ ਦੇ ਕਿਸਾਨਾਂ ਲਈ ਇੱਕ ਵੱਡੀ ਸੌਗਾਤ ਦਿੰਦਿਆਂ ਮਾਣੂੰਕੇ ਰਜਬਾਹਾ ਸਿਸਟਮ ਦੀ ਕੰਕਰੀਟ ਲਾਈਨਿੰਗ ਅਤੇ 12 ਵੱਖ-ਵੱਖ ਕੰਮਾਂ ਤਹਿਤ ਨਹਿਰੀ ਖਾਲਾਂ ਨੂੰ ਪੱਕਾ ਕਰਨ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ 'ਤੇ ਕੁੱਲ 44.40 ਕਰੋੜ ਰੁਪਏ ਦੀ ਲਾਗਤ ਆਈ ਹੈ, ਜਿਸ ਨਾਲ ਹਜ਼ਾਰਾਂ ਕਿਸਾਨਾਂ ਨੂੰ ਬਿਹਤਰ ਸਿੰਚਾਈ ਸਹੂਲਤਾਂ ਦਾ ਲਾਭ ਮਿਲੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਮਾਣੂੰਕੇ ਰਜਬਾਹਾ ਸਿਸਟਮ ਦੀ 37.80 ਕਿਲੋਮੀਟਰ ਲੰਬੀ ਕੰਕਰੀਟ ਲਾਈਨਿੰਗ ਦਾ ਕੰਮ 26.77 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਗਰਾਉਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ 12 ਕੰਮਾਂ ਤਹਿਤ 76.25 ਕਿਲੋਮੀਟਰ ਲੰਬੇ ਨਹਿਰੀ ਖਾਲਾਂ ਨੂੰ 17.63 ਕਰੋੜ ਰੁਪਏ ਦੀ ਲਾਗਤ ਨਾਲ ਪੱਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਸਰਕਾਰ ਦੀ ਕਿਸਾਨ ਪੱਖੀ ਨੀਤੀ ਦਾ ਹਿੱਸਾ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਸਿੰਚਾਈ ਪ੍ਰਬੰਧ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ।
ਉਨ੍ਹਾਂ ਦੱਸਿਆ ਕਿ ਮਾਣੂੰਕੇ ਰਜਬਾਹਾ ਦਾ ਡਿਸਚਾਰਜ 98.93 ਕਿਉਸਕ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਮਾਣੂੰਕੇ ਰਜਬਾਹੇ ਅਧੀਨ ਨਹਿਰੀ ਸਿੰਚਾਈ ਦਾ ਰਕਬਾ 8,521.40 ਏਕੜ ਤੋਂ ਵੱਧ ਕੇ 13,521.14 ਏਕੜ ਹੋ ਜਾਵੇਗਾ। ਇਸ ਤਰ੍ਹਾਂ ਕਰੀਬ 5,000 ਏਕੜ ਹੋਰ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ, ਜਿਸ ਨਾਲ ਕਿਸਾਨਾਂ ਦੀ ਟਿਊਬਵੈੱਲਾਂ 'ਤੇ ਨਿਰਭਰਤਾ ਘਟੇਗੀ ਅਤੇ ਖੇਤੀ ਦੀ ਲਾਗਤ ਵਿੱਚ ਵੀ ਕਮੀ ਆਵੇਗੀ।
ਜਲ ਸਰੋਤ ਮੰਤਰੀ ਨੇ ਦੱਸਿਆ ਕਿ ਇਸ ਰਜਬਾਹਾ ਸਿਸਟਮ ਨਾਲ ਜਗਰਾਉਂ, ਦਾਖਾ ਅਤੇ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕਿਆਂ ਦੇ ਕੁੱਲ 22 ਪਿੰਡਾਂ ਨੂੰ ਸਿੱਧਾ ਲਾਭ ਮਿਲੇਗਾ। ਇਨ੍ਹਾਂ ਵਿੱਚ ਹੇਰਾਂ, ਛੱਜਾਵਾਲ, ਕਮਾਲਪੁਰਾ, ਰੂੰਮੀ, ਰਣਧੀਰਗੜ੍ਹ, ਭੰਮੀਪੁਰਾ, ਚੀਮਾਂ, ਲੰਮਾ, ਬੱਸੂਵਾਲ, ਦੇਹੜਕਾ, ਮਾਣੂੰਕੇ, ਲੱਖਾ, ਚਕਰ, ਰਾਮਾ, ਮੱਲਾ, ਰਸੂਲਪੁਰ, ਕੁੱਸਾ, ਮੀਣੀਆਂ, ਬੋਡੇ, ਨੰਗਲ ਅਤੇ ਲੋਪੋਂ ਸਮੇਤ ਹੋਰ ਪਿੰਡ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਹੁਣ ਸਾਲ ਭਰ ਵਧੀਆ ਢੰਗ ਨਾਲ ਨਹਿਰੀ ਪਾਣੀ ਉਪਲਬਧ ਹੋਵੇਗਾ।
ਸ੍ਰੀ ਗੋਇਲ ਨੇ ਕਿਹਾ ਕਿ ਮਾਣੂੰਕੇ ਰਜਬਾਹਾ ਸਿਸਟਮ ਵਿੱਚ ਕੁੱਲ 41 ਮੋਘੇ ਹਨ ਅਤੇ ਇਸ ਪੂਰੇ ਸਿਸਟਮ ਨੂੰ ਆਧੁਨਿਕ ਬਣਾਉਣ ਲਈ ਜਲ ਸਰੋਤ ਵਿਭਾਗ ਵੱਲੋਂ ਵਿਸ਼ੇਸ਼ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਹਿਰੀ ਖਾਲਾਂ ਦੀ ਕੰਕਰੀਟ ਲਾਈਨਿੰਗ ਨਾਲ ਪਾਣੀ ਦੀ ਬਰਬਾਦੀ ਘਟੇਗੀ, ਰਿਸਾਅ ਰੁਕੇਗਾ ਅਤੇ ਸਿਰੇ ਤੱਕ ਪਾਣੀ ਦੀ ਪਹੁੰਚ ਯਕੀਨੀ ਬਣੇਗੀ, ਜਿਸ ਨਾਲ ਪਾਣੀ ਦੀ ਕੁਸ਼ਲ ਵਰਤੋਂ ਸੰਭਵ ਹੋਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਜਗਰਾਉਂ ਹਲਕੇ ਦੇ ਅਖਾੜਾ, ਰਸੂਲਪੁਰ, ਗਾਲਿਬ ਕਲਾਂ, ਲੰਮਾ, ਭੰਮੀਪੁਰਾ, ਗਗੜਾ, ਅਗਵਾੜ ਗੁਜਰਾਂ ਅਤੇ ਪੋਨਾ ਪਿੰਡਾਂ ਵਿੱਚ 12 ਵੱਖ-ਵੱਖ ਕੰਮਾਂ ਤਹਿਤ 76.25 ਕਿਲੋਮੀਟਰ ਲੰਬੇ ਨਹਿਰੀ ਖਾਲਿਆਂ ਨੂੰ ਜਲ ਸਰੋਤ ਵਿਭਾਗ ਅਤੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਵੱਲੋਂ ਪੱਕਾ ਕੀਤਾ ਗਿਆ ਹੈ। ਇਹ ਸਾਰੇ ਕੰਮ 17.63 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਗਏ ਹਨ, ਜਿਸ ਨਾਲ ਖੇਤਰ ਵਿੱਚ ਸਿੰਚਾਈ ਪ੍ਰਣਾਲੀ ਨੂੰ ਹੋਰ ਮਜ਼ਬੂਤੀ ਮਿਲੇਗੀ।
ਵਿਧਾਨ ਸਭਾ ਹਲਕਾ ਜਗਰਾਉਂ ਦੇ ਵਿਧਾਇਕ ਸ੍ਰੀਮਤੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨਾਂ ਨੂੰ ਆਧੁਨਿਕ ਅਤੇ ਭਰੋਸੇਯੋਗ ਸਿੰਚਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਨਹਿਰੀ ਢਾਂਚੇ ਦੇ ਸੁਧਾਰ, ਖਾਲਾਂ ਦੀ ਲਾਈਨਿੰਗ ਅਤੇ ਪਾਣੀ ਦੀ ਸੰਭਾਲ ਲਈ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਤਾਂ ਜੋ ਖੇਤੀਬਾੜੀ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ।
ਇਸ ਮੌਕੇ ਮੁੱਖ ਭੂਮੀ ਪਾਲ ਪੰਜਾਬ ਸ੍ਰੀ ਮਹਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਸ੍ਰੀ ਮਨਜੀਤ ਸਿੰਘ ਚੀਮਾ, ਉਪ ਮੰਡਲ ਮਜਿਸਟਰੇਟ ਜਗਰਾਉਂ ਸ੍ਰੀ ਬਾਦਲਦੀਨ, ਲੁਧਿਆਣਾ ਨਹਿਰ ਹਲਕਾ ਦੇ ਨਿਗਰਾਨ ਇੰਜੀਨੀਅਰ ਸ੍ਰੀ ਗਗਨਦੀਪ ਸਿੰਘ ਗਿੱਲ, ਨਿਗਰਾਨ ਇੰਜੀਨੀਅਰ ਸ੍ਰੀ ਰੁਪਿੰਦਰ ਸਿੰਘ, ਐਕਸੀਅਨ ਕੈਪਟਨ ਅਮ੍ਰਿਤਵੀਰਪਾਲ ਸਿੰਘ ਰੰਧਾਵਾ, ਐਕਸੀਅਨ ਜਿਨੇਸ਼ ਗੋਇਲ, ਐਕਸੀਅਨ ਅਲੋਕ ਚੌਧਰੀ, ਐਕਸੀਅਨ ਗੁਰਵੀਰ ਸਿੰਘ ਸਿੱਧੂ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
टिप्पणियाँ
एक टिप्पणी भेजें