ਪੰਜਾਬ ਸਰਕਾਰ ਵੱਲੋਂ ਲੁਧਿਆਣਾ ਜ਼ਿਲ੍ਹੇ ਨੂੰ 16 ਨਵੇਂ ਆਮ ਆਦਮੀ ਕਲੀਨਿਕਾਂ ਦੀ ਸੌਗਾਤ, ਕੁੱਲ ਗਿਣਤੀ 127 ਹੋਈ

ਪੰਜਾਬ ਸਰਕਾਰ ਵੱਲੋਂ ਲੁਧਿਆਣਾ ਜ਼ਿਲ੍ਹੇ ਨੂੰ 16 ਨਵੇਂ ਆਮ ਆਦਮੀ ਕਲੀਨਿਕਾਂ ਦੀ ਸੌਗਾਤ, ਕੁੱਲ ਗਿਣਤੀ 127 ਹੋਈ
ਵਿਧਾਇਕ ਸਿੱਧੂ, ਬੱਗਾ, ਗਰੇਵਾਲ, ਛੀਨਾ ਤੇ ਦਿਆਲਪੁਰਾ ਨੇ ਆਪੋ-ਆਪਣੇ ਹਲਕਿਆਂ ’ਚ ਕੀਤੇ ਰਸਮੀ ਉਦਘਾਟਨ
ਲੁਧਿਆਣਾ, 25 ਜੁਲਾਈ (ਮਨਜੀਤ ਸਿੰਘ ਰੋਮਾਣਾ) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮਿਆਰੀ, ਸਸਤੀ ਅਤੇ ਮੁਫ਼ਤ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਿਆਂ ਅੱਜ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਵਿਧਾਇਕ ਸਹਿਬਾਨਾਂ ਵੱਲੋਂ 16 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ। 

ਇਨ੍ਹਾਂ ਕਲੀਨਿਕਾਂ ਦਾ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਰਾਜਿੰਦਰਪਾਲ ਕੌਰ ਛੀਨਾ, ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਆਪੋ-ਆਪਣੇ ਹਲਕਿਆਂ ਵਿੱਚ ਕੀਤਾ ਗਿਆ।
 
ਇਨ੍ਹਾਂ ਨਵੇਂ ਕਲੀਨਿਕਾਂ ਦੇ ਸ਼ੁਰੂ ਹੋਣ ਨਾਲ ਜ਼ਿਲ੍ਹੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 111 ਤੋਂ ਵੱਧ ਕੇ 127 ਹੋ ਗਈ ਹੈ, ਜੋ ਕਿ ਸਿਹਤ ਖੇਤਰ ਵਿੱਚ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਕ੍ਰਾਂਤੀ ਦਾ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ।

ਵਿਧਾਇਕ ਸਹਿਬਾਨਾਂ ਵੱਲੋਂ ਸਾਂਝੇ ਤੌਰ ’ਤੇ ਦੱਸਿਆ ਗਿਆ ਕਿ ਨਵੇਂ ਆਮ ਆਦਮੀ ਕਲੀਨਿਕ 33 ਫੁੱਟ ਰੋਡ, ਬਾਦਲ ਫਲੈਟਸ, ਮੁੰਡੀਆਂ ਕਲਾਂ; ਗੁਰੂ ਅਰਜਨ ਦੇਵ ਨਗਰ, ਢੋਲੇਵਾਲ ਮਿਲਟਰੀ ਕੈਂਪ ਨੇੜੇ, ਲੁਧਿਆਣਾ; ਸਿਵਲ ਸਿਟੀ ਪਾਰਕ ਨੇੜੇ, ਵਾਰਡ ਨੰਬਰ 92; ਜੇ ਬਲਾਕ, ਬੀ.ਆਰ.ਐਸ. ਨਗਰ, ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਦੇ ਸਾਹਮਣੇ; ਜਵਾਹਰ ਨਗਰ; ਪੀ.ਐੱਸ.ਆਈ.ਈ.ਸੀ., ਖੰਨਾ; ਕਾਇਲੀਏਵਾਲ (ਪੁਰਾਣੀ ਵੈਟਰਨਰੀ ਹਸਪਤਾਲ ਦੀ ਇਮਾਰਤ); ਪੁਰਾਣਾ ਬਾਜ਼ਾਰ, ਸਾਹਨੇਵਾਲ; ਵਾਰਡ ਨੰਬਰ 30, ਵਾਟਰ ਵਰਕਸ, ਉੱਤਮ ਨਗਰ, ਖੰਨਾ; ਵਾਰਡ ਨੰਬਰ 9, ਵਾਟਰ ਵਰਕਸ, ਨਰੋਤਮ ਨਗਰ, ਰਤਨਹੇੜੀ ਰੋਡ, ਖੰਨਾ; ਰੇੜੂ ਸਾਹਿਬ ਗੁਰਦੁਆਰਾ ਨੇੜੇ, ਸ਼ਿਮਲਾਪੁਰੀ; ਸਤਿਗੁਰੂ ਰਾਮ ਸਿੰਘ ਨਗਰ; ਕਾਲੂ ਰਾਮ ਧਰਮਸ਼ਾਲਾ, ਚੰਡੀਗੜ੍ਹ ਰੋਡ, ਸਮਰਾਲਾ; ਲਲਤੋਂ ਖੁਰਦ; ਉੱਚੀ ਮੰਗਲੀ ਅਤੇ ਚੰਦਨ ਨਗਰ, ਐਮ.ਸੀ. ਟਿਊਬਵੈੱਲ, ਵਾਰਡ ਨੰਬਰ 68 ਵਿਖੇ ਸਥਾਪਿਤ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਲਈ ਲਗਾਤਾਰ ਠੋਸ ਉਪਰਾਲੇ ਕਰ ਰਹੀ ਹੈ। ਸਰਕਾਰ ਦਾ ਮੁੱਖ ਉਦੇਸ਼ ਹਰ ਨਾਗਰਿਕ ਨੂੰ ਉਸਦੇ ਘਰ ਦੇ ਨੇੜੇ ਹੀ ਉੱਚ ਪੱਧਰੀ ਅਤੇ ਮੁਫ਼ਤ ਮੁੱਢਲੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਹੈ। ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਮੁਫ਼ਤ ਓ.ਪੀ.ਡੀ. ਸਲਾਹ, ਲੋੜੀਂਦੀਆਂ ਦਵਾਈਆਂ, ਡਾਇਗਨੋਸਟਿਕ ਟੈਸਟ, ਮਾਂ ਅਤੇ ਬੱਚੇ ਦੀ ਸਿਹਤ ਸੰਭਾਲ, ਟੀਕਾਕਰਨ, ਗੈਰ-ਸੰਚਾਰੀ ਬਿਮਾਰੀਆਂ ਦੀ ਜਾਂਚ ਅਤੇ ਇਲਾਜ ਸਮੇਤ ਕਈ ਹੋਰ ਸਿਹਤ ਸੇਵਾਵਾਂ ਇੱਕੋ ਛੱਤ ਹੇਠ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੀ ਲਗਾਤਾਰ ਵਧਦੀ ਗਿਣਤੀ ਪੰਜਾਬ ਸਰਕਾਰ ਦੀ ਲੋਕ ਭਲਾਈ ਪ੍ਰਤੀ ਦ੍ਰਿੜ੍ਹ ਵਚਨਬੱਧਤਾ ਅਤੇ ਸਮਰਪਣ ਦਾ ਪ੍ਰਤੀਕ ਹੈ। ਇਨ੍ਹਾਂ ਕਲੀਨਿਕਾਂ ਨੇ ਨਾ ਸਿਰਫ਼ ਆਮ ਲੋਕਾਂ ਦੀ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਆਸਾਨ ਬਣਾਇਆ ਹੈ, ਸਗੋਂ ਸਰਕਾਰੀ ਹਸਪਤਾਲਾਂ 'ਤੇ ਮਰੀਜ਼ਾਂ ਦਾ ਬੋਝ ਵੀ ਕਾਫ਼ੀ ਹੱਦ ਤੱਕ ਘਟਾਇਆ ਹੈ। ਇਸ ਪਹਿਲ ਨਾਲ ਹਜ਼ਾਰਾਂ ਪਰਿਵਾਰਾਂ ਦੇ ਇਲਾਜ 'ਤੇ ਹੋਣ ਵਾਲੇ ਖਰਚ ਵਿੱਚ ਵੀ ਕਮੀ ਆਈ ਹੈ।

ਕਾਰਜਕਾਰੀ ਸਿਵਲ ਸਰਜਨ ਡਾ. ਹਰਿੰਦਰ ਸੂਦ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਹੁਣ 127 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ, ਜਿਨ੍ਹਾਂ ਰਾਹੀਂ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਦਾ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਵਿੱਖ ਵਿੱਚ ਵੀ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ, ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਸੂਬੇ ਦੇ ਹਰ ਨਾਗਰਿਕ ਤੱਕ ਗੁਣਵੱਤਾ ਭਰਪੂਰ ਸਿਹਤ ਸੇਵਾਵਾਂ ਪਹੁੰਚਾਉਣ ਲਈ ਇਸੇ ਤਰ੍ਹਾਂ ਦ੍ਰਿੜ੍ਹ ਇਰਾਦੇ ਨਾਲ ਕੰਮ ਕਰਦੀ ਰਹੇਗੀ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ