ਗ਼ਜ਼ਲ : ਡਾ. ਜਗਤਾਰ

ਗ਼ਜ਼ਲ : ਡਾ. ਜਗਤਾਰ
ਉਡਾਂਗਾ ਪੈ ਗਿਆ ਉਡਣਾ ਕਦੇ ਜੇ ਪਰ ਜਲਾ ਕੇ ।
ਹਨੇਰਾ ਚੀਰ ਦੇ ਅਟਕਾਂਗਾ ਪਰ ਮੰਜ਼ਿਲ 'ਤੇ ਜਾ ਕੇ ।

ਤਿਰੇ ਹੱਥਾਂ ਦਾ ਹਿਲਿਆ ਮੋਰ ਮਿੱਟੀ ਦਾ ਤਿਰੇ ਪਿੱਛੋਂ,
ਬਹੁਤ ਰੋਇਆ ਜੋ ਰਖਿਆ ਸੀ ਤੂੰ ਅੰਗੀਠੀ ਸਜਾ ਕੇ ।

ਇਹ ਥਾਂ ਥਾਂ ਛੇਕ ਕੰਧਾਂ ਦੇ ਤੇ ਮੇਖਾਂ ਦਸਦੀਆਂ ਨੇ,
ਕਿਸੇ ਟੰਗੀਆਂ ਸੀ ਤਸਵੀਰਾਂ ਕਦੇ ਏਥੇ ਲਿਆ ਕੇ ।

ਨਾ ਹੋਣੀ ਹੋ ਗਈ ਹੋਵੇ ਹਵਾ ਦੇ ਹੀ ਭੁਲੇਖੇ,
ਮੁੜੀ ਹੈ ਪੈੜ ਕਿਸ ਦੀ ਮੇਰੇ ਦਰਵਾਜ਼ੇ ਤੋਂ ਆ ਕੇ ।

ਜਾਂ ਬਾਰੀ ਖੋਲ੍ਹਦਾ ਸੁੰਨਸਾਨ ਗਲੀਆਂ ਕਹਿਰ ਢਾਵਣ,
ਹਵਾ ਡੰਗੇ ਗਏ ਮੌਸਮ ਦੀਆਂ ਯਾਦਾਂ ਲਿਆ ਕੇ ।

ਤਮਾਸ਼ਾ ਮੇਰਾ ਦਿਖਲਾ ਕੇ ਤਮਾਸ਼ਾ ਖੁਦ ਨਾ ਬਣਦੀ,
ਹਵਾ ਕਿਉਂ ਰੋ ਪਈ ਮੇਰੇ ਚਰਾਗਾਂ ਨੂੰ ਬੁਝਾ ਕੇ ।

ਅਸੀਂ ਇਕ ਵਰਕ ਦੇ ਹਾਂ ਦੋ ਸਫ਼ੇ ਕੈਸਾ ਮੁਕੱਦਰ,
ਜੁਦਾ ਵੀ ਹਾਂ ਇਕੱਠੇ ਵੀ ਹਾਂ ਇਸ ਜੀਵਨ 'ਚ ਆ ਕੇ ।

ਸੀ ਮੇਰਾ ਬਿਰਛ ਵਰਗਾ ਸਬਰ ਸ਼ੀਸ਼ੇ ਵਾਂਗ ਟੁੱਟਾ,
ਮੈਂ ਖੁਦ ਹੀ ਰੋ ਪਿਆ ਉਸ ਨੂੰ ਗ਼ਜ਼ਲ ਆਪਣੀ ਸੁਣਾ ਕੇ ।

ਨਾ ਰੰਗਾਂ ਦੀ ਜੁੜੀ ਮਹਿਫ਼ਲ ਨਾ ਮੇਲੇ ਜੁਗਨੂੰਆਂ ਦੇ,
ਬੜਾ ਡਿੱਠਾ ਤਿਰੇ ਪਿਛੋਂ ਨਸੀਬਾ ਆਜ਼ਮਾ ਕੇ ।

ਉਹ ਆਪਣੇ ਘਰ 'ਚ ਹੀ ਕਟਦਾ ਜਲਾਵਤਨੀ ਜਿਹੇ ਦਿਨ,
ਕਿਸੇ ਦਿਨ ਵੇਖ ਜਾ 'ਜਗਤਾਰ' ਆਪਣੇ ਨੂੰ ਤੂੰ ਆ ਕੇ ।
🟢

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ