ਡੇਂਗੂ ਖ਼ਿਲਾਫ਼ ਜਾਗਰੂਕਤਾ ਦਾ ਸੰਦੇਸ਼ ਲੈ ਕੇ ਆਈ ਫਿਲਮ "ਡੇਂਗੂ ਦਾ ਖਤਰਾ" ਰਿਲੀਜ਼

ਡੇਂਗੂ ਖ਼ਿਲਾਫ਼ ਜਾਗਰੂਕਤਾ ਦਾ ਸੰਦੇਸ਼ ਲੈ ਕੇ ਆਈ ਫਿਲਮ "ਡੇਂਗੂ ਦਾ ਖਤਰਾ" ਰਿਲੀਜ਼
ਸਟੇਟ ਤੇ ਨੈਸ਼ਨਲ ਅਵਾਰਡੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਦੀ ਇੱਕ ਹੋਰ ਸਮਾਜਿਕ ਪੇਸ਼ਕਸ਼

ਲੁਧਿਆਣਾ 5 ਜੂਨ (ਮਨਜੀਤ ਸਿੰਘ ਰੋਮਾਣਾ) ਡੇਂਗੂ ਵਰਗੀ ਗੰਭੀਰ ਬਿਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਸਟੇਟ ਅਤੇ ਨੈਸ਼ਨਲ ਅਵਾਰਡੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਸ਼ਾਰਟ ਫਿਲਮ "ਡੇਂਗੂ ਦਾ ਖਤਰਾ" ਨੂੰ ਅੱਜ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਆਹਲੂਵਾਲੀਆ ਵੱਲੋਂ ਰਸਮੀ ਤੌਰ 'ਤੇ ਰਿਲੀਜ਼ ਕੀਤਾ ਗਿਆ। ਇਹ ਫਿਲਮ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ, ਲੁਧਿਆਣਾ ਦੇ ਬਾਲ ਕਲਾਕਾਰਾਂ ਵੱਲੋਂ ਅਦਾਕਾਰੀ ਕਰਕੇ ਤਿਆਰ ਕੀਤੀ ਗਈ ਹੈ।

ਫਿਲਮ ਰਿਲੀਜ਼ ਕਰਦਿਆਂ ਡਾ. ਰਮਨਦੀਪ ਆਹਲੂਵਾਲੀਆ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਹ ਫਿਲਮ ਇਸ ਮਕਸਦ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਦੀ ਹੈ। ਉਨ੍ਹਾਂ ਸਕੂਲ ਦੇ ਮੁੱਖ ਅਧਿਆਪਕ ਸ. ਗੁਰਦਰਸ਼ਨ ਸਿੰਘ, ਬਾਲ ਕਲਾਕਾਰਾਂ ਅਤੇ ਫਿਲਮ ਦੇ ਲੇਖਕ-ਨਿਰਦੇਸ਼ਕ ਕਰਮਜੀਤ ਸਿੰਘ ਗਰੇਵਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦੀ ਇਹ ਸ਼ਲਾਘਾਯੋਗ ਪਹਿਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਅਜਿਹੀਆਂ ਸਾਰਥਕ ਅਤੇ ਜਨ-ਹਿਤੈਸ਼ੀ ਫਿਲਮਾਂ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੀਆਂ।

ਇਸ ਮੌਕੇ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਫਿਲਮ ਦਾ ਮੁੱਖ ਉਦੇਸ਼ ਲੋਕਾਂ ਨੂੰ ਡੇਂਗੂ ਦੇ ਕਾਰਨਾਂ, ਲੱਛਣਾਂ ਅਤੇ ਬਚਾਅ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਣਾ ਹੈ ਤਾਂ ਜੋ ਹਰ ਨਾਗਰਿਕ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਸੁਰੱਖਿਆ ਕਰ ਸਕੇ।

ਜ਼ਿਕਰਯੋਗ ਹੈ ਕਿ ਕਰਮਜੀਤ ਸਿੰਘ ਗਰੇਵਾਲ ਦੀ ਸਮਾਜਿਕ ਸਰੋਕਾਰਾਂ ਨਾਲ ਜੁੜੀ ਫਿਲਮ "ਸਕਰੀਨ ਬੁਖਾਰ" ਨੂੰ ਹਾਲ ਹੀ ਵਿੱਚ ਕੈਨੇਡਾ ਵਿੱਚ ਸਰਵੋਤਮ ਸਮਾਜਿਕ ਫਿਲਮ ਦਾ ਅੰਤਰਰਾਸ਼ਟਰੀ ਅਵਾਰਡ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਅਤੇ ਗਾਏ ਗੀਤਾਂ ਨੂੰ ਵੀ ਕਈ ਅੰਤਰਰਾਸ਼ਟਰੀ ਸਨਮਾਨ ਮਿਲ ਚੁੱਕੇ ਹਨ। ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀ ਲਿਖੀ ਲੋਰੀ ਨੂੰ 1.25 ਲੱਖ ਰੁਪਏ ਦਾ ਇਨਾਮ ਦਿੱਤਾ ਜਾ ਚੁੱਕਾ ਹੈ। ਸਾਹਿਤ ਦੇ ਖੇਤਰ ਵਿੱਚ ਵੀ ਉਹ ਵਿਲੱਖਣ ਪਛਾਣ ਰੱਖਦੇ ਹਨ ਅਤੇ ਉਨ੍ਹਾਂ ਦੀਆਂ 13 ਕਿਤਾਬਾਂ ਸਕੂਲ ਲਾਇਬ੍ਰੇਰੀਆਂ ਲਈ ਪ੍ਰਵਾਨਿਤ ਹਨ।

ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਸਿਹਤ ਅਫਸਰ ਡਾ. ਆਸ਼ੀਸ਼ ਚਾਵਲਾ, ਜ਼ਿਲ੍ਹਾ ਐਪੀਡੀਮੀਓਲੋਜਿਸਟ ਡਾ. ਸੁਪਰੀਤ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਡਿਪਟੀ ਮਾਸ ਮੀਡੀਆ ਅਫਸਰ ਰਜਿੰਦਰ ਸਿੰਘ, ਸਤਿੰਦਰ ਸਿੰਘ (ਐਮ.ਪੀ.ਐਚ.ਐਸ.), ਮਨਪ੍ਰੀਤ ਸਿੰਘ (ਏ.ਐਮ.ਓ.) ਅਤੇ ਸੁਖਪ੍ਰੀਤ ਸਿੰਘ ਵੀ ਹਾਜ਼ਰ ਸਨ।

ਫਿਲਮ "ਡੇਂਗੂ ਦਾ ਖਤਰਾ" ਸਿਹਤ ਜਾਗਰੂਕਤਾ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਉਪਰਾਲਾ ਹੈ, ਜੋ ਮਨੋਰੰਜਨ ਦੇ ਨਾਲ-ਨਾਲ ਲੋਕਾਂ ਨੂੰ ਇੱਕ ਅਹਿਮ ਸਮਾਜਿਕ ਸੰਦੇਸ਼ ਵੀ ਦਿੰਦੀ ਹੈ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ