ਸੂਬੇ ਵਿੱਚ ਅਜਿਹੀ ਸਰਕਾਰ ਬਣੇ ਜੋ ਨਿੱਜੀ ਫਾਇਦੇ ਤੋ ਉੱਪਰ ਉੱਠ ਕੇ ਪੰਜਾਬ ਬਾਰੇ ਸੋਚੇ - ਮਨੀਸ਼ ਤਿਵਾੜੀ
ਸੂਬੇ ਵਿੱਚ ਅਜਿਹੀ ਸਰਕਾਰ ਬਣੇ ਜੋ ਨਿੱਜੀ ਫਾਇਦੇ ਤੋ ਉੱਪਰ ਉੱਠ ਕੇ ਪੰਜਾਬ ਬਾਰੇ ਸੋਚੇ - ਮਨੀਸ਼ ਤਿਵਾੜੀ
ਕਿਹਾ - ਮਾਨ ਸਰਕਾਰ ਨੇ ਪੰਜਾਬ ਤੇ ਚੜਾ ਦਿੱਤਾ ਹੈ 4.47 ਲੱਖ ਕਰੋੜ ਰੁਪਏ ਦਾ ਕਰਜਾ
ਲੁਧਿਆਣਾ, 13 ਜੂਨ (ਮਨਜੀਤ ਸਿੰਘ ਰੋਮਾਣਾ) ਸਾਬਕਾ ਕੇਂਦਰੀ ਮੰਤਰੀ ਅਤੇ ਚੰਡੀਗੜ ਤੋਂ ਲੋਕਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਸੂਬੇ ਵਿੱਚ ਅਗਲੀ ਵਾਰ ਅਜਿਹੀ ਸਰਕਾਰ ਬਣੇ, ਜੋ ਆਪਣੇ ਨਿੱਜੀ ਫਾਇਦੇ ਤੋਂ ਉੱਪਰ ਉਠ ਕੇ ਪੰਜਾਬ ਦੇ ਬਾਰੇ ਸੋਚੇ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਪਹਿਲਵਾਨ ਦੇ ਘਰ ਵਿਸ਼ੇਸ਼ ਮੁਲਾਕਾਤ ਲਈ ਪਹੁੰਚੇ ਐਮਪੀ ਮਨੀਸ਼ ਤਿਵਾੜੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਸਾਹਮਣੇ ਕਈ ਗੰਭੀਰ ਚੁਨੌਤੀਆਂ ਹਨ। ਆਪ ਸਰਕਾਰ ਨੇ ਪੰਜਾਬ ਤੇ 4.47 ਲੱਖ ਕਰੋੜ ਰੁਪਏ ਦਾ ਕਰਜਾ ਚੜਾ ਦਿੱਤਾ ਹੈ। ਸਰਕਾਰ ਨੂੰ ਪਿਛਲੇ ਕਰਜੇ ਦਾ ਵਿਆਜ ਚੁਕਾਉਣ ਲਈ ਵੀ ਕਰਜਾ ਹੀ ਲੈਣਾ ਪੈਂਦਾ ਹੈ। ਸੂਬੇ ਦੇ 84 ਫੀਸਦੀ ਕਿਸਾਨਾਂ ਕੋਲ ਢਾਈ ਤੋਂ ਤਿੰਨ ਏਕੜ ਜਮੀਨ ਹੀ ਬਚੀ ਹੈ। 1980 ਤੋਂ ਹੁਣ ਤੱਕ ਧਰਤੀ ਦਾ ਭੂਜਲ ਪੱਧਰ 20 ਮੀਟਰ ਤੱਕ ਹੇਠਾਂ ਡਿੱਗ ਚੁੱਕਾ ਹੈ। ਆਇਲੈਟਸ ਦਾ ਕੰਮ ਵੀ ਬੰਦ ਹੋ ਗਿਆ ਹੈ, ਕਿਓੰਕਿ ਕਈ ਦੇਸ਼ਾਂ ਨੇ ਨਿਯਮ ਐਨੇ ਸਖਤ ਕਰ ਦਿੱਤੇ ਹਨ ਕਿ ਓਥੇ ਜਾਣਾ ਅਤੇ ਸਰਵਾਈਵ ਕਰਨਾ ਮੁਸ਼ਕਿਲ ਹੋ ਗਿਆ ਹੈ। ਕਾਨੂੰਨ ਵਿਵਸਥਾ ਪੂਰੀ ਤਰਾਂ ਖਰਾਬ ਹੋ ਚੁੱਕੀ ਹੈ। ਪਾਕਿਸਤਾਨ ਦੀ ਦਖਲਅੰਦਾਜੀ ਸੀਮਾ ਪਾਰ ਤੋਂ ਆਉਣ ਵਾਲੇ ਡਰੋਨ ਅਤੇ ਲਗਾਤਾਰ ਵਧ ਰਿਹਾ ਨਸ਼ਾ ਪੰਜਾਬ ਲਈ ਵੱਡੀਆਂ ਚੁਨੌਤੀਆਂ ਹਨ। ਇਸ ਕਰਕੇ ਪੰਜਾਬ ਨੂੰ ਇਸ ਵੇਲੇ ਅਜਿਹੀ ਸਰਕਾਰ ਦੀ ਲੋੜ ਹੈ, ਜਿਸਦੇ ਸਾਹਮਣੇ ਪੰਜਾਬ ਨੂੰ ਮੁੜ ਵਿਕਾਸ ਦੀ ਲੀਹਾਂ ਤੇ ਲਿਆਉਣਾ ਮੁੱਖ ਏਜੰਡਾ ਹੋਵੇ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਪੰਜਾਬ ਵਿੱਚ ਕੋਈ ਨਵੀਂ ਇੰਡਸਟਰੀ ਨਹੀਂ ਲੱਗੀ। ਜਦਕਿ ਗੁਜਰਾਤ, ਮਹਾਂਰਾਸ਼ਟਰ ਤੇ ਕਰਨਾਟਕ ਵਰਗੇ ਰਾਜਾਂ ਵਿੱਚ ਇੰਡਸਟਰੀ ਲਗਾਤਾਰ ਵਧ ਰਹੀ ਹੈ। ਪੰਜਾਬ ਵਿੱਚ ਅਜਿਹੀ ਸੂਝਵਾਨ ਸਰਕਾਰ ਆਉਣੀ ਚਾਹੀਦੀ ਹੈ, ਜੋ 60 ਮਹੀਨਿਆਂ ਵਿੱਚ ਸੂਬੇ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਆਵੇ। ਮਨੀਸ਼ ਤਿਵਾੜੀ ਨੇ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਜੇਕਰ ਉਹਨਾਂ ਦੀ ਸੋਚ ਵਿਕਾਸਪੱਖੀ ਨਹੀਂ ਹੈ ਤਾਂ ਸਰਕਾਰ ਬਦਲਣ ਦਾ ਕੋਈ ਲਾਭ ਨਹੀਂ ਹੈ। ਪੰਜਾਬ ਨੂੰ ਕਾਂਗਰਸ ਦੀ ਮਜਬੂਤ ਸਰਕਾਰ ਦੀ ਲੋੜ ਹੈ। ਤਾਂ ਜੋ ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣ ਸਕੇ।
________________________
ਹਲਕਾ ਪੂਰਬੀ ਵਿੱਚ ਬਹੁਤ ਕੰਮ ਕਰਨ ਦੀ ਲੋੜ ਹੈ - ਗੁਰਮੇਲ ਪਹਿਲਵਾਨ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਪਹਿਲਵਾਨ ਨੇ ਕਿਹਾ ਕਿ ਹਲਕਾ ਪੂਰਬੀ ਵਿੱਚ ਬਹੁਤ ਕੰਮ ਕਰਨ ਦੀ ਲੋੜ ਹੈ। ਇਸ ਵੇਲੇ ਰਜਿਸਟਰੀਆਂ ਦਾ ਕੰਮ ਪੂਰੀ ਤਰਾਂ ਠੱਪ ਪਿਆ ਹੈ। ਵਪਾਰੀਆਂ ਤੇ ਉਦਯੋਗਪਤੀਆਂ ਨੂੰ ਗੈਂਗਸਟਰਾਂ ਦੇ ਫਿਰੌਤੀਆਂ ਲਈ ਫੋਨ ਆ ਰਹੇ ਹਨ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਨੂੰ ਵੀ ਅਜਿਹੇ ਹੀ ਫੋਨ ਆ ਰਹੇ ਹਨ। ਹਲਕਾ ਪੂਰਬੀ ਵਿਕਾਸ ਦੇ ਮਾਮਲੇ ਵਿੱਚ ਬਹੁਤ ਪਿੱਛੇ ਹਨ। ਉਹਨਾਂ ਕਿਹਾ ਕਿ ਉਹ ਲਗਾਤਾਰ ਹਲਕਾ ਪੂਰਬੀ ਵਿੱਚ ਕੰਮ ਕਰ ਰਹੇ ਹਨ। ਲੋਕ ਚਾਹੁੰਦੇ ਹਨ ਕਿ ਪੰਜਾਬ ਵਿੱਚ ਹੁਣ ਕਾਂਗਰਸ ਦੀ ਸਰਕਾਰ ਬਣੇ। ਤਾਂ ਜੋ ਪੰਜਾਬ ਫਿਰ ਤੋਂ ਵਿਕਾਸ ਦੀਆਂ ਲੀਹਾਂ ਤੇ ਚੜ ਸਕੇ। ਉਹਨਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਰਾਹੋਂ ਰੋੜ ਦੀ ਖਸਤਾ ਹਾਲਤ ਦੀ ਲੜਾਈ ਲੜ ਰਹੇ ਹਨ, ਪਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਰੇਂਗ ਰਹੀ। ਨਸ਼ਿਆਂ ਦੀ ਰੋਕਥਾਮ ਸੰਬੰਧੀ ਗੁਰਮੇਲ ਪਹਿਲਵਾਨ ਨੇ ਕਿਹਾ ਕਿ ਇੱਕਲਾ ਪ੍ਰਸ਼ਾਸਨ ਇਸਨੂੰ ਨਹੀਂ ਰੋਕ ਸਕਦਾ, ਇਸਦੇ ਲਈ ਆਮ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਹਲਕਾ ਪੂਰਬੀ ਤੋਂ ਚੋਣ ਲੜਨ ਸੰਬੰਧੀ ਗੁਰਮੇਲ ਪਹਿਲਵਾਨ ਨੇ ਕਿਹਾ ਕਿ ਪਾਰਟੀ ਹਾਈਕਮਾਨ ਨੇ ਤਿੰਨ ਮੈਂਬਰੀ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ, ਜੋ ਹਲਕਾ ਪੱਧਰ ਤੇ ਜਾ ਕੇ ਪਾਰਟੀ ਦੇ ਵਰਕਰਾਂ ਨੂੰ ਮਿਲ ਕੇ ਆਪਣੀ ਸਰਵੇ ਰਿਪੋਰਟ ਤਿਆਰ ਕਰੇਗੀ ਅਤੇ ਉਸ ਰਿਪੋਰਟ ਦੇ ਆਧਾਰ ਤੇ ਹੀ ਪਾਰਟੀ ਉਮੀਦਵਾਰ ਤੈਅ ਕਰੇਗੀ।
टिप्पणियाँ
एक टिप्पणी भेजें