ਮਾਨ ਸਰਕਾਰ ਦੀ ਸਿਹਤ ਕ੍ਰਾਂਤੀ, ਖੰਨਾ ਸਿਵਲ ਹਸਪਤਾਲ ਨੇ ਰਚਿਆ ਨਵਾਂ ਇਤਿਹਾਸ

ਮਾਨ ਸਰਕਾਰ ਦੀ ਸਿਹਤ ਕ੍ਰਾਂਤੀ, ਖੰਨਾ ਸਿਵਲ ਹਸਪਤਾਲ ਨੇ ਰਚਿਆ ਨਵਾਂ ਇਤਿਹਾਸ
ਐੱਸ.ਐੱਮ.ਓ ਡਾ. ਮਨਿੰਦਰ ਸਿੰਘ ਭਸੀਨ ਨੇ 300 ਤੋਂ ਵੱਧ ਦੂਰਬੀਨ ਸਰਜਰੀਆਂ ਕੀਤੀਆਂ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮਰੀਜ਼ਾਂ ਨੂੰ ਕਰੀਬ 1 ਕਰੋੜ 35 ਲੱਖ ਦੇ ਮੁਫ਼ਤ ਇਲਾਜ ਦਾ ਲਾਭ

ਪ੍ਰਸ਼ਾਸਨਿਕ ਅਤੇ ਮੈਡੀਕਲ ਸੇਵਾਵਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਐੱਸ.ਐੱਮ.ਓ ਭਸੀਨ

ਖੰਨਾ, (ਲੁਧਿਆਣਾ), 13 ਜੂਨ (ਮਨਜੀਤ ਸਿੰਘ ਰੋਮਾਣਾ) ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਸਾਕਾਰ ਨਤੀਜੇ ਸਰਕਾਰੀ ਹਸਪਤਾਲਾਂ ਵਿੱਚ ਸਪੱਸ਼ਟ ਤੌਰ ’ਤੇ ਨਜ਼ਰ ਆ ਰਹੇ ਹਨ। ਇਸਦੀ ਇੱਕ ਸ਼ਾਨਦਾਰ ਮਿਸਾਲ ਖੰਨਾ ਦਾ ਸਿਵਲ ਹਸਪਤਾਲ ਬਣ ਕੇ ਸਾਹਮਣੇ ਆਇਆ ਹੈ, ਜਿੱਥੇ ਸੀਨੀਅਰ ਮੈਡੀਕਲ ਅਫਸਰ (ਐੱਸ.ਐੱਮ.ਓ) ਡਾ. ਮਨਿੰਦਰ ਸਿੰਘ ਭਸੀਨ ਦੀ ਅਗਵਾਈ ਹੇਠ ਦੂਰਬੀਨ (ਲੈਪ੍ਰੋਸਕੋਪਿਕ) ਸਰਜਰੀਆਂ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਉਪਲਬਧੀ ਦਰਜ ਕੀਤੀ ਗਈ ਹੈ। ਐੱਸ.ਐੱਮ.ਓ ਡਾ. ਮਨਿੰਦਰ ਭਸੀਨ ਵੱਲੋਂ ਖੁਦ ਹੁਣ ਤੱਕ 300 ਤੋਂ ਵੱਧ ਸਫਲ ਦੂਰਬੀਨ ਸਰਜਰੀਆਂ ਕੀਤੀਆਂ ਜਾ ਚੁੱਕੀਆਂ ਹਨ, ਜਿਸ ਨਾਲ ਨਾ ਸਿਰਫ਼ ਸੈਂਕੜਿਆਂ ਮਰੀਜ਼ਾਂ ਨੂੰ ਉੱਚ ਪੱਧਰੀ ਇਲਾਜ ਮਿਲਿਆ ਹੈ, ਸਗੋਂ ਸਰਕਾਰੀ ਸਿਹਤ ਪ੍ਰਣਾਲੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਵੀ ਹੋਰ ਮਜ਼ਬੂਤ ਹੋਇਆ ਹੈ। ਇਹ ਆਪਰੇਸ਼ਨ 1 ਜਨਵਰੀ 2025 ਤੋਂ ਲੈ ਕੇ 23 ਜੂਨ 2026 ਤੱਕ ਕੀਤੇ ਗਏ। 

ਦੂਰਬੀਨ ਸਰਜਰੀ ਆਧੁਨਿਕ ਮੈਡੀਕਲ ਵਿਗਿਆਨ ਦੀ ਇੱਕ ਅਜਿਹੀ ਤਕਨੀਕ ਹੈ ਜਿਸ ਵਿੱਚ ਛੋਟੇ ਚੀਰਾਂ ਰਾਹੀਂ ਆਪ੍ਰੇਸ਼ਨ ਕੀਤਾ ਜਾਂਦਾ ਹੈ। ਇਸ ਨਾਲ ਮਰੀਜ਼ ਨੂੰ ਘੱਟ ਦਰਦ ਹੁੰਦਾ ਹੈ, ਖੂਨ ਦੀ ਕਮੀ ਘੱਟ ਹੁੰਦੀ ਹੈ ਅਤੇ ਮਰੀਜ਼ ਜਲਦੀ ਸਿਹਤਯਾਬ ਹੋ ਜਾਂਦਾ ਹੈ। ਆਮ ਤੌਰ ’ਤੇ ਨਿੱਜੀ ਹਸਪਤਾਲਾਂ ਵਿੱਚ ਇਸ ਤਰ੍ਹਾਂ ਦੀ ਸਰਜਰੀ ’ਤੇ ਹਜ਼ਾਰਾਂ ਰੁਪਏ ਖਰਚ ਕਰਨੇ ਪੈਂਦੇ ਹਨ, ਪਰ ਖੰਨਾ ਦੇ ਸਿਵਲ ਹਸਪਤਾਲ ਵਿੱਚ ਇਹ ਸੇਵਾ ਪੂਰੀ ਤਰ੍ਹਾਂ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ।

ਜਾਣਕਾਰੀ ਅਨੁਸਾਰ, ਜੇਕਰ ਇਹ 300 ਤੋਂ ਵੱਧ ਦੂਰਬੀਨ ਸਰਜਰੀਆਂ ਨਿੱਜੀ ਹਸਪਤਾਲਾਂ ਵਿੱਚ ਕਰਵਾਈਆਂ ਜਾਂਦੀਆਂ ਤਾਂ ਮਰੀਜ਼ਾਂ ਨੂੰ ਕਰੀਬ 1 ਕਰੋੜ 35 ਲੱਖ ਰੁਪਏ ਤੱਕ ਦਾ ਖਰਚਾ ਝੱਲਣਾ ਪੈਂਦਾ। ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਸਿਹਤ ਨੀਤੀਆਂ ਅਤੇ ਆਯੁਸ਼ਮਾਨ ਭਾਰਤ ਸਕੀਮ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਇਹ ਸਾਰਾ ਇਲਾਜ ਮਰੀਜ਼ਾਂ ਨੂੰ ਬਿਲਕੁੱਲ ਮੁਫਤ ਉਪਲਬਧ ਕਰਵਾਇਆ ਗਿਆ। ਇਸ ਨਾਲ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ।

ਡਾ. ਮਨਿੰਦਰ ਸਿੰਘ ਭਸੀਨ ਦੀ ਖਾਸ ਗੱਲ ਇਹ ਹੈ ਕਿ ਉਹ ਸਿਰਫ਼ ਇੱਕ ਮਾਹਿਰ ਸਰਜਨ ਹੀ ਨਹੀਂ, ਸਗੋਂ ਸਿਵਲ ਹਸਪਤਾਲ ਖੰਨਾ ਦੇ ਐੱਸ.ਐੱਮ.ਓ ਵਜੋਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਵੀ ਬਾਖੂਬੀ ਨਿਭਾ ਰਹੇ ਹਨ। ਹਸਪਤਾਲ ਵਿੱਚ ਸਿਹਤ ਸੇਵਾਵਾਂ ਦੀ ਗੁਣਵੱਤਾ ਵਧਾਉਣ, ਮਰੀਜ਼ਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਅਤੇ ਸਟਾਫ਼ ਵਿਚਕਾਰ ਤਾਲਮੇਲ ਬਣਾਈ ਰੱਖਣ ਵਿੱਚ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ। ਪ੍ਰਸ਼ਾਸਨਿਕ ਕੰਮਕਾਜ ਦੀ ਵਿਅਸਤਤਾ ਦੇ ਬਾਵਜੂਦ 300 ਤੋਂ ਵੱਧ ਦੂਰਬੀਨ ਸਰਜਰੀਆਂ ਕਰਨਾ ਉਨ੍ਹਾਂ ਦੀ ਮਿਹਨਤ, ਤਜਰਬੇ ਅਤੇ ਲੋਕ ਸੇਵਾ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ। ਐੱਸ.ਐੱਮ.ਓ ਪਿਛਲੇ 31 ਸਾਲਾਂ ਤੋਂ ਸਰਜਰੀ ਕਰਦੇ ਆ ਰਹੇ ਹਨ। 

ਇਸ ਮੌਕੇ ਡਾ. ਮਨਿੰਦਰ ਸਿੰਘ ਭਸੀਨ ਨੇ ਕਿਹਾ ਕਿ ਇਹ ਉਪਲਬਧੀ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੀ ਟੀਮ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਹਿਤੇਂਦਰ ਕੌਰ ਅਤੇ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਵੱਲੋਂ ਮਿਲੇ ਲਗਾਤਾਰ ਸਹਿਯੋਗ, ਮਾਰਗਦਰਸ਼ਨ ਅਤੇ ਹੌਸਲਾ ਅਫਜ਼ਾਈ ਨੇ ਇਸ ਕੰਮ ਨੂੰ ਹੋਰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਦੂਰਦਰਸ਼ੀ ਸੋਚ ਅਤੇ ਸਿਹਤ ਵਿਭਾਗ ਦੀ ਵਚਨਬੱਧਤਾ ਕਾਰਨ ਹੀ ਅੱਜ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਨੂੰ ਉੱਚ ਪੱਧਰੀ ਅਤੇ ਆਧੁਨਿਕ ਇਲਾਜ ਮੁਫ਼ਤ ਮਿਲ ਰਿਹਾ ਹੈ।

ਉਨ੍ਹਾਂ ਨੇ ਹਸਪਤਾਲ ਦੇ ਸਮੂਹ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਹੋਰ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਉਪਲਬਧੀ ਸੰਭਵ ਹੋ ਸਕੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਮਰੀਜ਼ਾਂ ਨੂੰ ਹੋਰ ਬਿਹਤਰ ਅਤੇ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਯਤਨ ਜਾਰੀ ਰਹਿਣਗੇ।

ਖੰਨਾ ਦਾ ਸਿਵਲ ਹਸਪਤਾਲ ਅੱਜ ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਦੀ ਇੱਕ ਮਜ਼ਬੂਤ ਮਿਸਾਲ ਬਣ ਕੇ ਉਭਰਿਆ ਹੈ। 300 ਤੋਂ ਵੱਧ ਦੂਰਬੀਨ ਸਰਜਰੀਆਂ ਦਾ ਅੰਕੜਾ ਸਿਰਫ਼ ਇੱਕ ਰਿਕਾਰਡ ਨਹੀਂ, ਸਗੋਂ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਇੱਛਾ ਸ਼ਕਤੀ, ਯੋਗ ਅਗਵਾਈ ਅਤੇ ਸਰਕਾਰ ਦਾ ਸਹਿਯੋਗ ਮਿਲੇ ਤਾਂ ਸਰਕਾਰੀ ਹਸਪਤਾਲ ਵੀ ਲੋਕਾਂ ਨੂੰ ਨਿੱਜੀ ਹਸਪਤਾਲਾਂ ਦੇ ਬਰਾਬਰ, ਬਲਕਿ ਕਈ ਵਾਰ ਉਸ ਤੋਂ ਵੀ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰ ਸਕਦੇ ਹਨ। ਇਸ ਮੌਕੇ ਡਾਕਟਰ ਰਾਘਵ ਅਗਰਵਾਲ, ਡਾਕਟਰ ਸ਼ੇਫਾਲੀ, ਡਾਕਟਰ ਨਵਨੀਤ ਕੌਰ, ਡਾਕਟਰ ਏਰਾਜੋਤ, ਡਾਕਟਰ ਅੰਮ੍ਰਿਤਪਾਲ ਕੌਰ, ਡਾਕਟਰ ਰਜਤ ਆਦਿ ਹਾਜ਼ਰ ਸਨ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ