ਐਸ.ਡੀ.ਐਮ ਸਵਾਤੀ ਟਿਵਾਣਾ ਨੇ ਖੰਨਾ ਵਿੱਚ ਜਾਅਲੀ ਅਤੇ ਮੈਨੂਅਲ ਐਨ.ਓ.ਸੀਜ਼ ਦੇ ਆਧਾਰ 'ਤੇ ਵੇਚੀ/ਖਰੀਦੀ ਜ਼ਮੀਨ ਦੀ ਅੱਗੇ ਵੇਚਣ 'ਤੇ ਲਗਾਈ ਰੋਕ

ਐਸ.ਡੀ.ਐਮ ਸਵਾਤੀ ਟਿਵਾਣਾ ਨੇ ਖੰਨਾ ਵਿੱਚ ਜਾਅਲੀ ਅਤੇ ਮੈਨੂਅਲ ਐਨ.ਓ.ਸੀਜ਼ ਦੇ ਆਧਾਰ 'ਤੇ ਵੇਚੀ/ਖਰੀਦੀ ਜ਼ਮੀਨ ਦੀ ਅੱਗੇ ਵੇਚਣ 'ਤੇ ਲਗਾਈ ਰੋਕ
ਸਬ ਰਜਿਸਟਰਾਰ ਖੰਨਾ ਨੂੰ ਜਮਾਂਬੰਦੀਆਂ ਵਿੱਚ ਵੀ ਰਪਟ ਦਰਜ ਕਰਨ ਦੇ ਦਿੱਤੇ ਆਦੇਸ਼

ਜ਼ਮੀਨ ਖਰੀਦਣ ਤੋਂ ਪਹਿਲਾਂ ਦਸਤਾਵੇਜ਼ਾਂ ਦੀ ਪੂਰੀ ਤਸਦੀਕ ਕਰੋ, ਐਸ.ਡੀ.ਐਮ ਸਵਾਤੀ ਟਿਵਾਣਾ ਦੀ ਲੋਕਾਂ ਨੂੰ ਅਪੀਲ

ਖੰਨਾ, ਲੁਧਿਆਣਾ, 29 ਜੂਨ (ਮਨਜੀਤ ਸਿੰਘ ਰੋਮਾਣਾ) ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ.) ਖੰਨਾ ਸ੍ਰੀਮਤੀ ਸਵਾਤੀ ਟਿਵਾਣਾ ਨੇ ਵੱਲੋਂ ਸਬ ਰਜਿਸਟਰਾਰ, ਖੰਨਾ ਨੂੰ ਪੱਤਰ ਜਾਰੀ ਕਰਦਿਆਂ ਹਦਾਇਤ ਕੀਤੀ ਗਈ ਹੈ ਕਿ ਜਾਅਲੀ ਅਤੇ ਮੈਨੂਅਲ ਐਨ.ਓ.ਸੀਜ਼ ਦੇ ਆਧਾਰ 'ਤੇ ਹੋਈਆਂ ਜ਼ਮੀਨੀ ਰਜਿਸਟਰੀਆਂ ਸਬੰਧੀ ਕੀਤੀ ਗਈ ਪੜਤਾਲ ਦੀ ਰਿਪੋਰਟ ਪਹਿਲਾਂ ਹੀ ਉਪ ਪੁਲਿਸ ਕਪਤਾਨ (ਡੀ.ਐਸ.ਪੀ.) ਖੰਨਾ ਨੂੰ ਕਾਨੂੰਨ ਅਨੁਸਾਰ ਲੋੜੀਂਦੀ ਅਗਲੀ ਕਾਰਵਾਈ ਲਈ ਭੇਜੀ ਜਾ ਚੁੱਕੀ ਹੈ।

ਐਸ.ਡੀ.ਐਮ. ਨੇ ਆਪਣੇ ਪੱਤਰ ਵਿੱਚ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਜਾਅਲੀ ਜਾਂ ਮੈਨੂਅਲ ਐਨ.ਓ.ਸੀਜ਼ ਦੇ ਆਧਾਰ 'ਤੇ ਜ਼ਮੀਨ ਦਾ ਰਕਬਾ ਵੇਚਿਆ ਜਾਂ ਖਰੀਦਿਆ ਗਿਆ ਹੈ, ਉਸ ਸਾਰੀ ਜ਼ਮੀਨ ਦੀ ਅੱਗੇ ਕਿਸੇ ਵੀ ਤਰ੍ਹਾਂ ਦੀ ਵਿਕਰੀ ਜਾਂ ਰਜਿਸਟਰੀ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਈ ਜਾਂਦੀ ਹੈ। ਇਹ ਫੈਸਲਾ ਸਰਕਾਰੀ ਰਿਕਾਰਡ ਦੀ ਸੁਰੱਖਿਆ, ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਅਤੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ।

ਪੱਤਰ ਵਿੱਚ ਸਬ ਰਜਿਸਟਰਾਰ ਨੂੰ ਹਦਾਇਤ ਕੀਤੀ ਗਈ ਹੈ ਕਿ ਉਕਤ ਜ਼ਮੀਨਾਂ ਨਾਲ ਸਬੰਧਤ ਕਿਸੇ ਵੀ ਨਵੇਂ ਵਿਕਰੀ ਦਸਤਾਵੇਜ਼ ਜਾਂ ਰਜਿਸਟਰੀ ਨੂੰ ਹਰਗਿਜ਼ ਰਜਿਸਟਰ ਨਾ ਕੀਤਾ ਜਾਵੇ। ਇਸ ਤੋਂ ਇਲਾਵਾ, ਜਿਨ੍ਹਾਂ ਜ਼ਮੀਨਾਂ ਸਬੰਧੀ ਜਾਅਲੀ ਜਾਂ ਮੈਨੂਅਲ ਐਨ.ਓ.ਸੀਜ਼ ਦੀ ਵਰਤੋਂ ਹੋਣ ਦੀ ਪੁਸ਼ਟੀ ਜਾਂ ਪੜਤਾਲ ਕੀਤੀ ਗਈ ਹੈ, ਉਨ੍ਹਾਂ ਦੀਆਂ ਜਮਾਂਬੰਦੀਆਂ ਵਿੱਚ ਵੀ ਲੋੜੀਂਦੀਆਂ ਰਪਟਾਂ ਦਰਜ ਕਰਕੇ ਇਸ ਸਬੰਧੀ ਉਚਿਤ ਇੰਦਰਾਜ ਯਕੀਨੀ ਬਣਾਏ ਜਾਣ।

ਐਸ.ਡੀ.ਐਮ. ਨੇ ਇਹ ਵੀ ਹਦਾਇਤ ਕੀਤੀ ਹੈ ਕਿ ਇਸ ਮਾਮਲੇ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਵੇ ਤਾਂ ਜੋ ਵਿਵਾਦਿਤ ਜ਼ਮੀਨ ਦੀ ਅੱਗੇ ਖਰੀਦੋ-ਫਰੋਖ਼ਤ ਨੂੰ ਰੋਕਿਆ ਜਾ ਸਕੇ ਅਤੇ ਕਿਸੇ ਵੀ ਬੇਕਸੂਰ ਖਰੀਦਦਾਰ ਨੂੰ ਆਰਥਿਕ ਜਾਂ ਕਾਨੂੰਨੀ ਨੁਕਸਾਨ ਤੋਂ ਬਚਾਇਆ ਜਾ ਸਕੇ।

ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜਾਅਲੀ ਦਸਤਾਵੇਜ਼ਾਂ ਜਾਂ ਗੈਰ-ਕਾਨੂੰਨੀ ਤਰੀਕਿਆਂ ਰਾਹੀਂ ਸਰਕਾਰੀ ਪ੍ਰਕਿਰਿਆ ਦਾ ਦੁਰਪਯੋਗ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਪੁਲਿਸ ਵੱਲੋਂ ਜਾਰੀ ਹੈ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਸਵਾਤੀ ਟਿਵਾਣਾ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਸੇ ਵੀ ਜ਼ਮੀਨ ਦੀ ਖਰੀਦ ਤੋਂ ਪਹਿਲਾਂ ਉਸ ਨਾਲ ਸਬੰਧਤ ਦਸਤਾਵੇਜ਼ਾਂ, ਐਨ.ਓ.ਸੀ, ਮਾਲ ਰਿਕਾਰਡ ਅਤੇ ਹੋਰ ਲੋੜੀਂਦੇ ਕਾਗਜ਼ਾਂ ਦੀ ਪੂਰੀ ਤਸਦੀਕ ਕਰਵਾਉਣ ਉਪਰੰਤ ਹੀ ਲੈਣ-ਦੇਣ ਕੀਤਾ ਜਾਵੇ। ਜੇਕਰ ਕਿਸੇ ਵਿਅਕਤੀ ਨੂੰ ਕਿਸੇ ਜ਼ਮੀਨ ਜਾਂ ਐਨ.ਓ.ਸੀ ਸਬੰਧੀ ਕੋਈ ਸ਼ੱਕ ਹੋਵੇ ਤਾਂ ਉਹ ਸਬੰਧਤ ਮਾਲ ਵਿਭਾਗ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।

ਐਸ.ਡੀ.ਐਮ ਨੇ ਦੁਹਰਾਇਆ ਹੈ ਕਿ ਪਾਰਦਰਸ਼ੀ, ਕਾਨੂੰਨੀ ਅਤੇ ਨਿਰਪੱਖ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ ਲਈ ਅਜਿਹੇ ਮਾਮਲਿਆਂ ਵਿੱਚ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾਵੇਗੀ ਅਤੇ ਸਰਕਾਰੀ ਰਿਕਾਰਡ ਨਾਲ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਜਾਂ ਹੇਰਾਫੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ