ਲੁਧਿਆਣਾ ਵਿੱਚ ਪਲਸ ਪੋਲਿਓ ਮੁਹਿੰਮ ਨੇ ਫੜੀ ਰਫ਼ਤਾਰ; ਦੂਜੇ ਦਿਨ ਲਗਭਗ 1,20,046 ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲਿਓ ਦੀਆਂ ਬੂੰਦਾਂ
ਲੁਧਿਆਣਾ ਵਿੱਚ ਪਲਸ ਪੋਲਿਓ ਮੁਹਿੰਮ ਨੇ ਫੜੀ ਰਫ਼ਤਾਰ; ਦੂਜੇ ਦਿਨ ਲਗਭਗ 1,20,046 ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲਿਓ ਦੀਆਂ ਬੂੰਦਾਂ
ਲੁਧਿਆਣਾ, 29 ਜੂਨ (ਮਨਜੀਤ ਸਿੰਘ ਰੋਮਾਣਾ) ਰਾਸ਼ਟਰੀ ਪਲਸ ਪੋਲਿਓ ਮੁਹਿੰਮ ਦੇ ਦੂਜੇ ਦਿਨ ਲੁਧਿਆਣਾ ਜ਼ਿਲ੍ਹੇ ਵਿੱਚ ਘਰ-ਘਰ ਜਾ ਕੇ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਪੂਰੇ ਜੋਸ਼ ਨਾਲ ਜਾਰੀ ਰਹੀ। ਸਿਹਤ ਵਿਭਾਗ ਦੀਆਂ ਟੀਮਾਂ ਨੇ ਜ਼ਿਲ੍ਹੇ ਦੇ ਹਰ ਖੇਤਰ ਵਿੱਚ ਪਹੁੰਚ ਕਰਦਿਆਂ 5 ਸਾਲ ਤੱਕ ਦੀ ਉਮਰ ਦੇ ਲਗਭਗ 1,20,046 ਬੱਚਿਆਂ ਨੂੰ ਪੋਲਿਓ ਦੀਆਂ ਜੀਵਨ ਰੱਖਿਅਕ ਬੂੰਦਾਂ ਪਿਲਾਈਆਂ।
ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਨੇ ਕਿਹਾ ਕਿ ਮਾਪਿਆਂ ਦੇ ਭਰਵੇਂ ਸਹਿਯੋਗ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦੀ ਅਣਥੱਕ ਮਿਹਨਤ ਸਦਕਾ ਮੁਹਿੰਮ ਸਫਲਤਾਪੂਰਵਕ ਅੱਗੇ ਵੱਧ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਜਿਨ੍ਹਾਂ ਬੱਚਿਆਂ ਨੂੰ ਅਜੇ ਤੱਕ ਪੋਲਿਓ ਦੀ ਖੁਰਾਕ ਨਹੀਂ ਮਿਲੀ, ਉਨ੍ਹਾਂ ਨੂੰ ਜ਼ਰੂਰ ਪਿਲਾਈ ਜਾਵੇ ਅਤੇ ਘਰ-ਘਰ ਆਉਣ ਵਾਲੀਆਂ ਸਿਹਤ ਟੀਮਾਂ ਦਾ ਪੂਰਾ ਸਹਿਯੋਗ ਕੀਤਾ ਜਾਵੇ, ਤਾਂ ਜੋ ਕੋਈ ਵੀ ਯੋਗ ਬੱਚਾ ਪੋਲਿਓ ਦੀਆਂ ਬੂੰਦਾਂ ਤੋਂ ਵਾਂਝਾ ਨਾ ਰਹੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਸ਼ਹਿਰੀ, ਪੇਂਡੂ ਅਤੇ ਪੈਰੀ-ਅਰਬਨ ਖੇਤਰਾਂ ਵਿੱਚ ਘਰ-ਘਰ ਜਾ ਕੇ ਰਹਿ ਗਏ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁਹਿੰਮ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਹਰ ਯੋਗ ਬੱਚੇ ਤੱਕ ਪਹੁੰਚ ਯਕੀਨੀ ਬਣਾਈ ਜਾ ਸਕੇ ਅਤੇ 100 ਫੀਸਦੀ ਕਵਰੇਜ ਦਾ ਟੀਚਾ ਹਾਸਲ ਕੀਤਾ ਜਾ ਸਕੇ।
ਡਾ. ਰਮਨਦੀਪ ਕੌਰ ਨੇ ਸਿਹਤ ਵਿਭਾਗ ਦੀਆਂ ਟੀਮਾਂ, ਸੁਪਰਵਾਈਜ਼ਰਾਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਵਲੰਟੀਅਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਮਾਪਿਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੋਲਿਓ ਦੀ ਖੁਰਾਕ ਪਿਲਾ ਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਸਿਹਤ ਵਿਭਾਗ ਨੇ ਇੱਕ ਵਾਰ ਫਿਰ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਜ਼ਰੂਰ ਪਿਲਾਉਣ ਅਤੇ ਸਿਹਤ ਟੀਮਾਂ ਦਾ ਸਹਿਯੋਗ ਕਰਕੇ ਲੁਧਿਆਣਾ ਅਤੇ ਭਾਰਤ ਨੂੰ ਪੋਲਿਓ ਮੁਕਤ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ।
"ਹਰ ਬੱਚੇ ਤੱਕ ਪਹੁੰਚੀ ਪੋਲਿਓ ਦੀਆਂ ਦੋ ਬੂੰਦਾਂ, ਪੋਲਿਓ ਮੁਕਤ ਭਾਰਤ ਵੱਲ ਇੱਕ ਹੋਰ ਮਜ਼ਬੂਤ ਕਦਮ।"
टिप्पणियाँ
एक टिप्पणी भेजें