ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਮੁਹਿੰਮ ਤਹਿਤ ਲੁਧਿਆਣਾ ਵਿੱਚ ਡੇਂਗੂ ਰੋਕਥਾਮ ਮੁਹਿੰਮ ਤੇਜ਼
ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਮੁਹਿੰਮ ਤਹਿਤ ਲੁਧਿਆਣਾ ਵਿੱਚ ਡੇਂਗੂ ਰੋਕਥਾਮ ਮੁਹਿੰਮ ਤੇਜ਼
ਲੁਧਿਆਣਾ , 15 ਮਈ (ਮਨਜੀਤ ਸਿੰਘ ਰੋਮਾਣਾ) ਜ਼ਿਲ੍ਹਾ ਵਿੱਚ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ “ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਮੁਹਿੰਮ ਤਹਿਤ ਡੇਂਗੂ ਖ਼ਿਲਾਫ਼ ਜਾਗਰੂਕਤਾ ਅਤੇ ਰੋਕਥਾਮ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਗਿਆ। ਇਸ ਮੁਹਿੰਮ ਅਧੀਨ ਸ਼ਹਿਰੀ ਅਤੇ ਪਿੰਡੂ ਖੇਤਰਾਂ ਵਿੱਚ ਵਿਆਪਕ ਸਰਵੇਖਣ ਅਤੇ ਸੋਰਸ ਰਿਡਕਸ਼ਨ ਗਤੀਵਿਧੀਆਂ ਚਲਾਈਆਂ ਗਈਆਂ, ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਮੱਛਰਾਂ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਪ੍ਰੇਰਿਤ ਕਰਨਾ ਸੀ।
ਮੁਹਿੰਮ ਦੌਰਾਨ ਜ਼ਿਲ੍ਹੇ ਦੇ 312 ਖੇਤਰਾਂ ਵਿੱਚ 303 ਸਿਹਤ ਟੀਮਾਂ ਤਾਇਨਾਤ ਕੀਤੀਆਂ ਗਈਆਂ। ਟੀਮਾਂ ਵੱਲੋਂ 8,812 ਘਰਾਂ ਦਾ ਸਰਵੇਖਣ ਕੀਤਾ ਗਿਆ ਅਤੇ 19,993 ਪਾਣੀ ਵਾਲੇ ਬਰਤਨਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚ ਕੂਲਰ, ਫੁੱਲਾਂ ਦੇ ਗਮਲੇ, ਪੁਰਾਣੇ ਟਾਇਰ, ਛੱਤਾਂ ਉੱਤੇ ਰੱਖੇ ਟੈਂਕ ਅਤੇ ਹੋਰ ਪਾਣੀ ਇਕੱਠਾ ਹੋਣ ਵਾਲੀਆਂ ਥਾਵਾਂ ਸ਼ਾਮਲ ਸਨ। ਟੀਮਾਂ ਨੇ ਮੱਛਰਾਂ ਦੇ ਪ੍ਰਜਨਨ ਵਾਲੀਆਂ ਸੰਭਾਵਿਤ ਥਾਵਾਂ ਦੀ ਪਛਾਣ ਕਰਕੇ ਲੋਕਾਂ ਨੂੰ ਤੁਰੰਤ ਰੋਕਥਾਮ ਦੇ ਉਪਾਅ ਅਪਣਾਉਣ ਲਈ ਪ੍ਰੇਰਿਤ ਕੀਤਾ।
ਸਿਵਲ ਸਰਜਨ ਡਾ ਰਮਨਦੀਪ ਕੌਰ ਨੇ ਕਿਹਾ ਕਿ ਡੇਂਗੂ ‘ਤੇ ਪ੍ਰਭਾਵਸ਼ਾਲੀ ਕੰਟਰੋਲ ਕੇਵਲ ਲੋਕਾਂ ਦੀ ਸਰਗਰਮ ਭਾਗੀਦਾਰੀ ਅਤੇ ਨਿਯਮਤ ਸੋਰਸ ਰਿਡਕਸ਼ਨ ਗਤੀਵਿਧੀਆਂ ਨਾਲ ਹੀ ਸੰਭਵ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਲੋਕਾਂ ਨੂੰ ਆਪਣੇ ਘਰਾਂ ਅਤੇ ਆਸ-ਪਾਸ ਕੂਲਰਾਂ, ਗਮਲਿਆਂ, ਟਾਇਰਾਂ, ਛੱਤਾਂ ਅਤੇ ਹੋਰ ਪਾਣੀ ਇਕੱਠਾ ਹੋਣ ਵਾਲੀਆਂ ਥਾਵਾਂ ਦੀ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਸਫਾਈ ਜ਼ਰੂਰ ਕਰਨੀ ਚਾਹੀਦੀ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਘਰ ਵਿੱਚ ਪਾਣੀ ਵਾਲੇ ਬਰਤਨਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਖਾਲੀ ਕਰਕੇ ਰਗੜ ਕੇ ਸਾਫ਼ ਕੀਤਾ ਜਾਵੇ ਅਤੇ ਸੁੱਕਾਇਆ ਜਾਵੇ, ਤਾਂ ਜੋ ਮੱਛਰਾਂ ਦੇ ਪ੍ਰਜਨਨ ਚੱਕਰ ਨੂੰ ਤੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਘਰਾਂ ਅਤੇ ਆਸ-ਪਾਸ ਸਫਾਈ ਬਣਾਈ ਰੱਖਣਾ ਡੇਂਗੂ ਅਤੇ ਚਿਕਨਗੁਨਿਆ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।
ਡਾ. ਕੌਰ ਨੇ ਹੋਰ ਦੱਸਿਆ ਕਿ ਸਿਹਤ ਟੀਮਾਂ ਵੱਲੋਂ ਲੋਕਾਂ ਨੂੰ ਡੇਂਗੂ ਦੇ ਸ਼ੁਰੂਆਤੀ ਲੱਛਣਾਂ ਜਿਵੇਂ ਤੇਜ਼ ਬੁਖ਼ਾਰ, ਸਿਰ ਦਰਦ, ਸਰੀਰ ਦਰਦ, ਜੋੜਾਂ ਵਿੱਚ ਦਰਦ ਅਤੇ ਚਮੜੀ ‘ਤੇ ਦਾਨੇ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਸਲਾਹ ਦਿੱਤੀ ਕਿ ਅਜਿਹੇ ਲੱਛਣ ਨਜ਼ਰ ਆਉਣ ‘ਤੇ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਜਾਂਚ ਕਰਵਾਈ ਜਾਵੇ, ਜਿੱਥੇ ਡੇਂਗੂ ਅਤੇ ਚਿਕਨਗੁਨਿਆ ਦੀ ਮੁਫ਼ਤ ਜਾਂਚ ਅਤੇ ਇਲਾਜ ਦੀ ਸਹੂਲਤ ਉਪਲਬਧ ਹੈ।
ਅੰਤ ਵਿੱਚ ਡਾ. ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕੀਤਾ ਜਾਵੇ ਅਤੇ ਇਸ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਨਿਭਾਈ ਜਾਵੇ। ਉਨ੍ਹਾਂ ਕਿਹਾ ਕਿ ਸਮੂਹਕ ਜਾਗਰੂਕਤਾ ਅਤੇ ਨਿਯਮਤ ਸਫਾਈ ਮੁਹਿੰਮਾਂ ਨਾਲ ਹੀ ਨੂੰ ਡੇਂਗੂ ਅਤੇ ਚਿਕਨਗੁਨਿਆ ਵਰਗੀਆਂ ਮੌਸਮੀ ਬਿਮਾਰੀਆਂ ਤੋਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
टिप्पणियाँ
एक टिप्पणी भेजें