ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨਗਰ ਕੌਂਸਲ ਖੰਨਾ ਦੇ ਦਫਤਰ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਸ਼ਹਿਰ ਸੁਧਾਰ ਯੋਜਨਾ ਲਈ ਲਏ ਵੱਡੇ ਫੈਸਲੇ

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨਗਰ ਕੌਂਸਲ ਖੰਨਾ ਦੇ ਦਫਤਰ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਸ਼ਹਿਰ ਸੁਧਾਰ ਯੋਜਨਾ ਲਈ ਲਏ ਵੱਡੇ ਫੈਸਲੇ
ਪ੍ਰੇਮ ਭੰਡਾਰੀ ਪਾਰਕ ਦਾ ਹੋਵੇਗਾ ਨਵੀਨੀਕਰਨ: ਤਰੁਨਪ੍ਰੀਤ ਸਿੰਘ ਸੌਂਦ

ਖੰਨਾ ਵਿੱਚ ਗੈਰ-ਕਾਨੂੰਨੀ ਪੋਸਟਰਾਂ ‘ਤੇ ਸਖ਼ਤ ਕਾਰਵਾਈ, ਇਕ ਹਫ਼ਤੇ ‘ਚ ਹਟਾਉਣ ਦੇ ਹੁਕਮ

30 ਨਿਰਧਾਰਿਤ ਸਾਈਟਾਂ ‘ਤੇ ਹੀ ਲੱਗਣਗੀਆਂ ਫਲੈਕਸਾਂ, ਗਲਤ ਜਗ੍ਹਾ 'ਤੇ ਪੋਸਟਰ ਅਤੇ ਹੋਰਡਿੰਗ ਲਗਾਉਣ ‘ਤੇ ਹੋਵੇਗੀ ਕਾਰਵਾਈ

ਸ਼ਹਿਰ ਵਿੱਚ 1000 ਸੀ.ਸੀ.ਟੀ.ਵੀ ਕੈਮਰੇ ਲੱਗਣਗੇ, ਅਪਰਾਧ ‘ਤੇ ਜ਼ੀਰੋ ਟੋਲਰੈਂਸ ਨੀਤੀ

ਖੰਨਾ ਨੂੰ ਅਪਰਾਧ ਮੁਕਤ ਅਤੇ ਸੁੰਦਰ ਸ਼ਹਿਰ ਵਜੋਂ ਤਿਆਰ ਕਰਨ ਦਾ ਵੱਡਾ ਐਲਾਨ

ਖੰਨਾ, ਲੁਧਿਆਣਾ, 23 ਅਪ੍ਰੈਲ (ਮਨਜੀਤ ਸਿੰਘ ਰੋਮਾਣਾ) ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀਰਵਾਰ ਨੂੰ ਨਗਰ ਕੌਂਸਲ ਖੰਨਾ ਦੇ ਦਫਤਰ ਵਿਖੇ ਉਪ ਮੰਡਲ ਮਜਿਸਟਰੇਟ ਖੰਨਾ ਸਵਾਤੀ ਟਿਵਾਣਾ ਅਤੇ ਨਗਰ ਕੌਂਸਲ ਖੰਨਾ ਦੇ ਕਾਰਜ ਸਾਧਕ ਅਫਸਰ ਸ੍ਰੀ ਚਰਨਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਦੇ ਹੋਏ ਅਹਿਮ ਫੈਸਲੇ ਲਏ ਗਏ।

ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪੰਜਾਬ ਦੀਆਂ ਵੱਖ-ਵੱਖ ਨਗਰ ਕੌਂਸਲਾਂ ਦੀ ਮਿਆਦ ਪੂਰੀ ਹੁੰਦੀ ਜਾ ਰਹੀ ਹੈ। ਇਹਨਾਂ ਨਗਰ ਕੌਂਸਲਾਂ ਵਿੱਚ ਇੰਚਾਰਜ ਪ੍ਰਸ਼ਾਸਨਕ ਅਧਿਕਾਰੀ ਲੱਗ ਰਹੇ ਹਨ। ਇਸੇ ਤਰ੍ਹਾਂ ਨਗਰ ਕੌਂਸਲ ਖੰਨਾ ਦੀ ਮਿਆਦ 21 ਅਪ੍ਰੈਲ, 2026 ਨੂੰ ਪੂਰੀ ਹੋ ਚੁੱਕੀ ਹੈ। ਇਸ ਦੇ ਪੰਜ ਸਾਲ ਪੂਰੇ ਹੋ ਚੁੱਕੇ ਹਨ। ਹੁਣ ਨਗਰ ਕੌਂਸਲ ਖੰਨਾ ਦੇ ਇੰਚਾਰਜ ਉਪ ਮੰਡਲ ਮਜਿਸਟਰੇਟ ਖੰਨਾ ਸਵਾਤੀ ਟਿਵਾਣਾ ਹਨ।

ਉਨ੍ਹਾਂ ਕਿਹਾ ਕਿ ਖੰਨਾ ਸ਼ਹਿਰ ਦੀ ਬਿਹਤਰੀ ਅਤੇ ਸੁਧਾਰ ਜਿਵੇਂ ਕਿ ਇਥੇ ਸਾਫ-ਸਫਾਈ ਹੋਵੇ, ਟਰੈਫਿਕ ਦੀ ਸਮੱਸਿਆ ਖਤਮ ਹੋਵੇ, ਬੇਸਿਕ ਲੋੜਾਂ ਜਿਵੇਂ ਲਾਈਟਾਂ, ਗਲੀਆਂ ਦੀ ਸਫਾਈ, ਸੀਵਰੇਜ ਦੀ ਸਫਾਈ, ਜਿੱਥੇ ਸੀਵਰੇਜ ਨਹੀਂ ਹੈ ਉਥੇ ਸੀਵਰੇਜ ਪੈ ਸਕੇ ਆਦਿ ਬਹੁਤ ਸਾਰੇ ਕੰਮ ਹਨ ਜੋ ਨਗਰ ਕੌਂਸਲ ਖੰਨਾ ਦੇ ਕਾਰਜ ਥੱਲੇ ਆਉਂਦੇ ਹਨ। ਅੱਜ ਇਸ ਸਾਰੇ ਉੱਤੇ ਬਹੁਤ ਵਿਸਥਾਰ ਨਾਲ ਮੀਟਿੰਗ ਵਿੱਚ ਚਰਚਾ ਹੋਈ ਹੈ। 

ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਮੈਂ ਖੰਨੇ ਦਾ ਸੇਵਾਦਾਰ ਅਤੇ ਵਿਧਾਨ ਸਭਾ ਦਾ ਮੈਂਬਰ ਹੋਣ ਦੇ ਨਾਤੇ ਇਸ ਮੀਟਿੰਗ ਵਿੱਚ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਬਹੁਤ ਅਹਿਮ ਫੈਸਲੇ ਲਏ ਹਨ। ਖੰਨਾ ਦਾ ਬਹੁਤ ਮਹੱਤਵਪੂਰਨ ਪਾਰਕ ਪ੍ਰੇਮ ਭੰਡਾਰੀ ਪਾਰਕ ਦੀ ਹਾਲਤ ਪਿਛਲੇ ਕੁਝ ਦਹਾਕਿਆਂ ਤੋਂ ਬਹੁਤ ਖਰਾਬ ਸੀ। ਬਾਰਿਸ਼ਾਂ ਦੌਰਾਨ ਇੱਥੇ ਪਾਣੀ ਖੜ੍ਹਾ ਹੋ ਜਾਂਦਾ ਸੀ। ਇਥੇ ਝੂਲੇ, ਫੁਆਰੇ ਆਦਿ ਦੀ ਹਾਲਤ ਬਹੁਤ ਖਰਾਬ ਸੀ ਸੋ ਅੱਜ ਅਸੀਂ ਫੈਸਲਾ ਲਿਆ ਹੈ ਕਿ ਪ੍ਰੇਮ ਭੰਡਾਰੀ ਪਾਰਕ ਦਾ ਨਵੀਨੀਕਰਨ ਕੀਤਾ ਜਾਵੇਗਾ। ਇਥੇ ਭਰਤ ਪਵਾ ਕੇ ਇਸ ਦਾ ਲੇਬਲ ਸੜਕ ਤੋਂ ਉੱਚਾ ਚੁੱਕਿਆ ਜਾਵੇਗਾ। ਦੁਬਾਰਾ ਤੋਂ ਇਸ ਪਾਰਕ ਵਿੱਚ ਘਾਹ ਲਗਾਇਆ ਜਾਵੇਗਾ। ਇਥੇ ਵਧੀਆ ਤਰੀਕੇ ਨਾਲ ਸੈਰ ਲਈ ਟਰੈਕ ਬਣਾਏ ਜਾਣਗੇ, ਝੂਲੇ ਅਤੇ ਫੁਆਰੇ ਲਗਾਏ ਜਾਣਗੇ। ਇਸ ਪਾਰਕ ਵਿੱਚ ਵਧੀਆ ਕਿਸਮ ਦੇ ਫੁੱਲ ਅਤੇ ਦਰਖਤ ਲਗਾ ਕੇ ਇਸ ਦੀ ਚਾਰਦੀਵਾਰੀ ਕਰਕੇ ਇਸ ਨੂੰ ਸੋਹਣਾ ਬਣਾਇਆ ਜਾਵੇਗਾ। 

ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਨਗਰ ਕੌਂਸਲ ਖੰਨਾ ਦੇ ਏਰੀਏ ਵਿੱਚ ਕੰਧਾਂ ਉੱਤੇ ਆਟੇ ਦੀਆਂ ਲੇਵੀਆਂ ਲਾ ਕੇ ਪੋਸਟਰ ਚਿਪਕਾਏ ਜਾਂਦੇ ਸੀ ਜਿਸ ਨਾਲ ਪੂਰੇ ਸ਼ਹਿਰ ਵਿੱਚ ਗੰਦਗੀ ਫੈਲਾਈ ਜਾਂਦੀ ਸੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਖਤਮ ਕਰਨ ਲਈ ਐਸ.ਡੀ.ਐਮ ਸਵਾਤੀ ਟਿਵਾਣਾ ਆਰਡਰ ਜਾਰੀ ਕਰ ਦੇਣਗੇ। ਇਸ ਨਾਲ ਜੋ ਵੀ ਵਿਅਕਤੀ ਲੇਵੀ ਨਾਲ ਪੋਸਟਰ ਨਗਰ ਕੌਂਸਲ ਖੰਨਾ ਦੇ ਏਰੀਏ ਵਿੱਚ ਚਿਪਕਾਏਗਾ, ਉਸ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਜਿਨ੍ਹਾਂ ਵਿਅਕਤੀਆਂ ਨੇ ਸ਼ਹਿਰ ਵਿੱਚ ਲੇਵੀ ਨਾਲ ਪੋਸਟਰ ਚਿਪਕਾਏ ਹੋਏ ਹਨ ਉਨ੍ਹਾਂ ਨੂੰ ਇੱਕ ਹਫਤੇ ਦੇ ਅੰਦਰ-ਅੰਦਰ ਪੋਸਟਰ ਹਟਾਉਣ ਲਈ ਪੱਤਰ ਜਾਰੀ ਕੀਤਾ ਜਾਵੇਗਾ। 

ਉਹਨਾਂ ਕਿਹਾ ਕਿ ਖੰਨਾ ਸ਼ਹਿਰ ਵਿੱਚ ਨਗਰ ਕੌਂਸਲ ਖੰਨਾ ਦੀਆਂ 30 ਪ੍ਰਚਾਰ ਸਾਈਟਾਂ ਐਲਾਨੀਆਂ ਜਾ ਚੁੱਕੀਆਂ ਹਨ ਤਾਂ ਫਿਰ ਸ਼ਹਿਰ ਦੇ ਵਿੱਚ ਵੱਡੇ-ਵੱਡੇ ਬੈਨਰ ਕਿਉਂ ਲੱਗਣ। ‌ ਸ਼ਹਿਰ ਦੇ ਇਕੱਲੇ-ਇਕੱਲੇ ਚੌਂਕ ਦੇ ਜੰਗਲਿਆਂ ਉੱਤੇ ਲੋਕਾਂ ਨੇ ਆਪੋ ਆਪਣੇ ਬੋਰਡ ਬੰਨੇ ਹੋਏ ਹਨ ਜਿਸ ਨਾਲ ਸ਼ਹਿਰ ਦੀ ਦਿੱਖ ਖਰਾਬ ਹੁੰਦੀ ਹੈ ਅਤੇ ਹਵਾ ਚੱਲਣ 'ਤੇ ਬੋਰਡ ਟੁੱਟਣ ਨਾਲ ਐਕਸੀਡੈਂਟ ਤੇ ਕਾਰਨਾਂ ਵਿੱਚ ਵਾਧਾ ਹੁੰਦਾ ਹੈ। ਸੋ ਪ੍ਰਚਾਰ ਦੀਆਂ 30 ਸਾਈਟਾਂ ਉੱਤੇ ਹੀ ਫਲੈਕਸਾਂ/ਬੋਰਡ ਲੱਗਣਗੇ। ਨਗਰ ਕੌਂਸਲ ਖੰਨਾ ਦੇ ਏਰੀਏ ਵਿੱਚ ਬਾਕੀ ਸਾਰੇ ਬੋਰਡ ਅੱਜ ਕੱਲ੍ਹ ਵਿੱਚ ਸਾਫ ਕਰਵਾ ਦਿੱਤੇ ਜਾਣਗੇ। ਜਿਸ ਵਿਅਕਤੀ ਕੋਲ ਪ੍ਰਚਾਰ ਦਾ ਟੈਂਡਰ ਹੈ, ਉਹ ਗਲਤ ਜਗ੍ਹਾ ਉੱਤੇ ਸਾਈਟ/ਬੋਰਡ ਲਗਾਉਂਦਾ ਹੈ ਤਾਂ ਉਸ ਉੱਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਖੰਨਾ ਸ਼ਹਿਰ ਦੇ ਚੌਂਕਾਂ ਵਿੱਚ ਬਾਥਰੂਮ ਬਣਾਏ ਗਏ ਹਨ। ਇਹਨਾਂ ਬਾਥਰੂਮਾਂ ਨੂੰ ਵੀ ਜਲਦੀ ਚਾਲੂ ਕਰ ਦਿੱਤਾ ਜਾਵੇਗਾ। ਉਥੇ ਬੰਦਿਆਂ ਦੀ ਤੈਨਾਤੀ ਕਰਕੇ ਇਹ ਯਕੀਨੀ ਬਣਾ ਰਹੇ ਹਾਂ ਕਿ ਇਹ ਬਾਥਰੂਮ ਲੋਕਾਂ ਲਈ 8 ਤੋਂ 9 ਘੰਟਿਆਂ ਲਈ ਖੁੱਲੇ ਰਹਿਣ। ਫਿਲਹਾਲ ਇਹਨਾਂ ਬਾਥਰੂਮਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲਿਆ ਜਾਵੇਗਾ ਪਰ ਆਉਣ ਵਾਲੇ ਸਮੇਂ ਵਿੱਚ ਇਹਨਾਂ ਬਾਥਰੂਮਾਂ ਨੂੰ ਖੋਲਣ ਦਾ ਸਮਾਂ ਸਵੇਰੇ 7 ਤੋਂ ਸ਼ਾਮ 7 ਵੀ ਹੋ ਸਕਦਾ ਹੈ। 

ਸੌਂਦ ਨੇ ਦੱਸਿਆ ਕਿ ਇਸ ਤੋਂ ਇਲਾਵਾ ਖੰਨੇ ਨੂੰ ਪੂਰੀ ਤਰ੍ਹਾਂ ਅਪਰਾਧ ਤੋਂ ਮੁਕਤ ਕਰਨ ਲਈ ਜਿਵੇਂ ਕਿ ਕੋਈ ਵਾਲੀਆਂ, ਚੇਨੀਆਂ ਨਾ ਖਿੱਚੇ, ਕਿਸੇ ਕਿਸਮ ਦਾ ਨਸ਼ਾ ਨਾ ਵਿਕੇ, ਕੋਈ ਲੁੱਟ ਖੋਹ ਦੀ ਵਾਰਦਾਤ ਨਾ ਹੋ ਸਕੇ ਆਦਿ ਤੋਂ ਨਿਜਾਤ ਪਾਉਣ ਲਈ ਪੂਰੇ ਖੰਨੇ ਸ਼ਹਿਰ ਵਿੱਚ 1000 ਸੀ.ਸੀ.ਟੀ.ਵੀ ਕੈਮਰੇ ਹਰੇਕ ਵਾਰਡ ਦੇ ਦਾਖਲ ਹੋਣ ਦੇ ਰਸਤਿਆਂ ਅਤੇ ਬਾਹਰ ਜਾਣ ਦੇ ਰਸਤਿਆਂ 'ਤੇ ਲਗਾਏ ਜਾਣਗੇ। ਖੰਨਾ ਦੀ ਪੂਰੀ ਦੀ ਪੂਰੀ ਨਗਰ ਕੌਂਸਲ ਹੱਦ ਨੂੰ ਸੀ.ਸੀ.ਟੀ.ਵੀ ਕੈਮਰੇ ਦੀ ਸਰਵਿਸਜ਼ 'ਤੇ ਕਰਨ ਜਾ ਰਹੇ ਹਾਂ। ਇਸ ਦਾ ਕਮਾਂਡ ਐਂਡ ਕੰਟਰੋਲ ਰੂਮ ਸੀਨੀਅਰ ਪੁਲਿਸ ਕਪਤਾਨ ਖੰਨਾ ਦੇ ਦਫਤਰ ਵਿੱਚ ਬਣਾਇਆ ਜਾਵੇਗਾ। ਸੀ.ਸੀ.ਟੀ.ਵੀ ਕੈਮਰੇ ਲੱਗਣ ਦਾ ਫਾਇਦਾ ਇਹ ਹੋਵੇਗਾ ਕਿ ਕੋਈ ਵੀ ਵਿਅਕਤੀ ਅਪਰਾਧ ਕਰਕੇ 10 ਫੁੱਟ ਵੀ ਖੰਨੇ ਤੋਂ ਬਾਹਰ ਨਹੀਂ ਜਾ ਸਕੇਗਾ। ਸੋ ਖੰਨਾ ਨੂੰ ਜੀਰੋ ਟੋਲਰੈਂਸ ਅਪਰਾਧ ਮੁਕਤ ਸ਼ਹਿਰ ਬਣਾਵਾਂਗੇ।

ਮੰਤਰੀ ਨੇ ਕਿਹਾ ਕਿ ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਨਗਰ ਕੌਂਸਲ ਖੰਨਾ ਕੋਲ ਸੜਕਾਂ ਦੀ ਧੂੜ ਮਿੱਟੀ ਨੂੰ ਸਾਫ ਕਰਨ ਵਾਲੀਆਂ ਮਸ਼ੀਨਾਂ ਹਨ। ਇਹ ਮਸ਼ੀਨਾਂ ਨਗਰ ਕੌਂਸਲ ਖੰਨਾ ਦੇ 33 ਵਾਰਡਾਂ ਵਿੱਚ ਜਾ ਕੇ ਵਾਰੀ-ਵਾਰੀ ਸਾਰੇ ਵਾਰਡਾਂ ਦੀਆਂ ਗਲੀਆਂ ਦੀ ਸਫਾਈ ਕਰਨਗੀਆਂ। ਐਂਟੀ ਸਮੌਗ ਵਾਲੀਆਂ ਮਸ਼ੀਨਾਂ ਜਿਆਦਾ ਧੂੜ ਮਿੱਟੀ ਵਾਲੇ ਹਿੱਸੇ ਵਿੱਚ ਜਾ ਕੇ ਸਪਰੇਅ ਕਰਨਗੀਆਂ। ਤਾਂ ਜੋ ਆਉਣ ਵਾਲੇ ਸਮੇਂ ਵਿੱਚ ਡੇਂਗੂ ਜਾਂ ਚਿਕਨਗੁਨੀਆ ਦਾ ਪ੍ਰਕੋਪ ਨਾ ਵਧੇ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਧੂੰਏ ਵਾਲੀਆਂ ਮਸ਼ੀਨਾਂ ਹਰੇਕ ਮੁਹੱਲੇ ਅਤੇ ਗਲੀਆਂ ਵਿੱਚ ਜਾ ਕੇ ਧੂੰਆਂ ਕਰਨਗੀਆਂ। ਇਸ ਤੋਂ ਇਲਾਵਾ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ ਨਗਰ ਕੌਂਸਲ ਕੋਲ 52 ਲੱਖ ਰੁਪਏ ਦੇ ਫੰਡ ਪਏ ਹਨ। ਸੋ 4 ਟੈਂਡਰ ਲਗਾਉਣ ਲਈ ਜ਼ਿੰਮੇਵਾਰੀ ਐਸ.ਡੀ.ਐਮ ਸਵਾਤੀ ਟਿਵਾਣਾ ਨੂੰ ਪ੍ਰਸ਼ਾਸਨਿਕ ਤੌਰ 'ਤੇ ਦੇ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਜਿਨ੍ਹਾਂ ਵਾਰਡਾਂ ਵਿੱਚ ਲਾਈਟਾਂ ਦੀ ਕਮੀ ਹੈ ਜਿਨਾਂ ਲਈ ਕੁਝ ਐਸਟੀਮੇਟ ਪਾਸ ਹੋਏ ਹਨ ਅਤੇ ਕੁਝ ਨਵੇਂ ਪਾਸ ਹੋਣੇ ਹਨ ਐਸ.ਡੀ.ਐਮ ਸਵਾਤੀ ਟਿਵਾਣਾ ਇਹਨਾਂ ਐਸਟੀਮੇਟਾਂ 'ਤੇ ਵਰਕ ਆਊਟ ਕਰਨਗੇ। 

ਉਹਨਾਂ ਕਿਹਾ ਕਿ ਸਫਾਈ ਸੇਵਕਾਂ ਨੂੰ ਗਰਮੀ ਤੋਂ ਬਚਾਉਣ ਲਈ ਅਤੇ ਸ਼ਹਿਰ ਦੀ ਸਾਫ ਸਫਾਈ ਦਾ ਸਮਾਂ ਸਵੇਰੇ-ਸ਼ਾਮ ਨਿਰਧਾਰਿਤ ਕੀਤਾ ਜਾਵੇਗਾ। 

ਸੌਂਦ ਨੇ ਦੱਸਿਆ ਕਿ ਪੁਲ ਦੇ ਆਸੇ ਪਾਸੇ ਕਲਾਕ੍ਰਿਤੀ ਦਾ ਕੰਮ ਕਰਵਾਉਣ ਦੀ ਵਿਚਾਰ ਚਰਚਾ ਕੀਤੀ ਗਈ ਹੈ। ਜਿੱਥੋਂ ਖੰਨਾ ਸ਼ਹਿਰ ਸ਼ੁਰੂ ਹੁੰਦਾ ਹੈ ਉਥੋਂ ਪੁਲ ਦੇ ਦੋਨੇ ਪਾਸੇ ਕਲਾਕ੍ਰਿਤੀ ਨਾਲ ਸੰਬੰਧਿਤ ਪੇਂਟਿੰਗ ਕਰਵਾਈਆਂ ਜਾਣਗੀਆਂ। 

ਉਹਨਾਂ ਕਿਹਾ ਕਿ ਖੰਨਾ ਦੇ 13 ਅਤੇ 14 ਵਾਰਡਾਂ ਦੀਆਂ ਗਲੀਆਂ ਵਿੱਚ ਪਾਣੀ ਖੜ੍ਹਦਾ ਸੀ। ਜਿਸ ਵੱਲ ਧਿਆਨ ਨਹੀਂ ਦਿੱਤਾ ਗਿਆ ਸੀ। ਨਗਰ ਕੌਂਸਲ ਖੰਨਾ ਕੋਲ ਕਰੀਬ 4.5 ਕਰੋੜ ਦੇ ਫੰਡ ਪਏ ਹਨ ਜਿਹਨਾਂ ਨੂੰ ਅਸੀਂ ਵਾਟਰ ਐਂਡ ਸੈਨੀਟੇਸ਼ਨ ਲਈ ਖਰਚ ਕਰ ਸਕਦੇ ਹਾਂ ਕਿਉਂਕਿ ਉਹ ਫੰਡ ਇਸ ਕੰਮ ਲਈ ਹੀ ਹਨ। ਉਹਨਾਂ ਦੱਸਿਆ ਕਿ ਆਉਣ ਵਾਲੇ 2-3 ਮਹੀਨਿਆਂ ਵਿੱਚ ਵਾਰਡ ਨੰਬਰ 13 ਅਤੇ 14 ਦੀਆਂ ਗਲੀਆਂ ਲਈ ਨਵੇਂ ਸਿਰੇ ਤੋਂ ਸੀਵਰੇਜ ਪੁੱਟ ਕੇ ਪਾਵਾਂਗੇ ਅਤੇ ਮੇਨ ਸੀਵਰੇਜ ਨਾਲ ਜੋੜਾਂਗੇ। ਇਸ ਤੋਂ ਇਲਾਵਾ ਖੰਨਾ ਦੀ ਡੀਸਿਲਟਿੰਗ ਦੇ ਕੰਮ ਲਈ 1.30 ਕਰੋੜ ਰੁਪਏ ਦਾ ਐਸਟੀਮੇਟ ਤਿਆਰ ਹੋਇਆ ਸੀ। ਪੰਜਾਬ ਸਰਕਾਰ ਨੇ ਪੋਰਟਲ 'ਤੇ ਸਾਰੀਆਂ ਕੰਪਨੀਆਂ ਨੂੰ ਸੂਚੀਬੱਧ ਕਰ ਲਿਆ ਗਿਆ ਹੈ ਅਤੇ ਇਹਨਾਂ ਦੇ ਡੀਸਿਲਟਿੰਗ ਦੇ ਰੇਟ ਫਿਕਸ ਕਰ ਦਿੱਤੇ ਗਏ ਹਨ। ਜਿਸ ਨਾਲ ਕਾਲਾ ਬਜਾਰੀ ਦਾ ਧੰਦਾ ਖਤਮ ਕਰ ਦਿੱਤਾ ਹੈ। ਸੋ ਹੁਣ ਖੰਨੇ ਦੀ ਡੀਸਿਲਟਿੰਗ ਕਰਵਾ ਕੇ ਖੰਨਾ ਸ਼ਹਿਰ ਨੂੰ ਸਾਫ ਸੁਥਰਾ ਬਣਾਇਆ ਜਾਵੇਗਾ। ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਸ਼ਹਿਰ ਵਿੱਚ ਦੁਕਾਨਾਂ ਦੇ ਮੂਹਰੇ ਕੀਤੇ ਕਬਜ਼ਿਆਂ ਨੂੰ ਹਟਾਇਆ ਜਾਵੇਗਾ। ਇਸ ਲਈ ਬਣਦੀ ਯੋਗ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ