ਕਿਲ੍ਹਾ ਰਾਏਪੁਰ ਬੈਲ ਗੱਡੀਆਂ ਦੀਆਂ ਦੌੜਾਂ ਨੂੰ ਮੁੜ ਸੁਰਜੀਤ ਕਰਨਾ ਪੰਜਾਬ ਸਰਕਾਰ ਦਾ ਇਤਿਹਾਸਕ ਕੰਮ -ਡਾ. ਪੁਸ਼ਪਿੰਦਰ ਸਿੰਘ ਗਿੱਲ

ਕਿਲ੍ਹਾ ਰਾਏਪੁਰ ਬੈਲ ਗੱਡੀਆਂ ਦੀਆਂ ਦੌੜਾਂ ਨੂੰ ਮੁੜ ਸੁਰਜੀਤ ਕਰਨਾ ਪੰਜਾਬ ਸਰਕਾਰ ਦਾ ਇਤਿਹਾਸਕ ਕੰਮ -ਡਾ. ਪੁਸ਼ਪਿੰਦਰ ਸਿੰਘ ਗਿੱਲ

ਪੰਜਾਬ ਨੂੰ ਨਸ਼ਾ ਮੁਕਤ ਤੇ ਸੁਡੌਲ ਬਣਾਉਣ ਲਈ ਖੇਡ ਸੱਭਿਆਚਾਰ ਉਸਾਰਨ ਦੀ ਲੋੜ-ਪ੍ਰੋ. ਗੁਰਭਜਨ ਸਿੰਘ ਗਿੱਲ
ਪਟਿਆਲਾ 17 ਅਪ੍ਰੈਲ (ਮਨਜੀਤ ਸਿੰਘ ਰੋਮਾਣਾ) "ਸਾਡੀਆਂ ਲੋਕ ਖੇਡਾਂ ਸਿਰਫ਼ ਸਰੀਰਕ ਗਤੀਵਿਧੀਆਂ ਨਹੀਂ ਹਨ। ਇਹ ਸਾਡੇ ਇਤਿਹਾਸ ਦਾ ਜਿਉਂਦਾ-ਜਾਗਦਾ ਸਰਮਾਇਆ ਹੈ। ਇਹ ਖੇਡਾਂ ਪੰਜਾਬੀ ਮਾਨਸਿਕਤਾ ਦੀ 'ਚੜ੍ਹਦੀ ਕਲਾ' ਦਾ ਪ੍ਰਤੀਕ ਹਨ। ਇਨ੍ਹਾਂ ਨੂੰ ਸੰਭਾਲਣਾ ਤੇ ਪ੍ਰਫੁੱਲਿਤ ਕਰਨਾ ਸਾਡੀ ਜ਼ਰੂਰਤ ਹੈ।" ਇਹ ਪ੍ਰਗਟਾਵਾ 'ਦ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ ਨੇ ਪੰਜਾਬ ਦੀਆਂ ਲੋਕ ਖੇਡਾਂ ਬਾਰੇ ਕਰਵਾਏ ਰਾਸ਼ਟਰੀ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਕੀਤਾ। ਬਾਰਾਂਦਰੀ ਪਟਿਆਲਾ ਸਥਿਤ ਪ੍ਰਭਾਤ ਪਰਵਾਨਾ ਮੈਮੋਰੀਅਲ ਟਰੇਡ ਯੂਨੀਅਨ ਸੈਂਟਰ ਵਿਖੇ ਕਰਵਾਏ ਇਸ ਸੈਮੀਨਾਰ ਦੌਰਾਨ ਵੀ.ਸੀ. ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਭਾਵੇਂ ਕੌਮਾਂਤਰੀ ਪੱਧਰ ਉਤੇ ਪ੍ਰਵਾਨਿਤ ਆਧੁਨਿਕ ਖੇਡਾਂ ਵਿਸ਼ਵ ਪੱਧਰ 'ਤੇ ਪੰਜਾਬ ਦੀ ਵੱਡੀ ਪਛਾਣ ਹੈ,ਪਰ ਸਾਡੀਆਂ ਸਥਾਨਕ ਲੋਕ ਖੇਡਾਂ ਉਹ ਬੁਨਿਆਦੀ ਤਾਕਤ ਅਤੇ ਭਾਈਚਾਰਕ ਸਾਂਝ ਪ੍ਰਦਾਨ ਕਰਦੀਆਂ ਹਨ ਜਿਸ ਦੀ ਬਰਾਬਰੀ ਕੋਈ ਵੀ ਆਧੁਨਿਕ ਖੇਡ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਲਾ ਰਾਏਪੁਰ ‌ਵਿਖੇ 12 ਸਾਲ ਬਾਦ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਸੁਰਜੀਤ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਤੇ ਵਿਰਾਸਤੀ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਲਾ ਇਤਿਹਾਸਕ ਕਦਮ ਹੈ। ਵਾਈਸ ਚਾਂਸਲਰ ਡਾ. ਗਿੱਲ ਨੇ ਕਿਹਾ ਕਿ ਅਸੀਂ ਇਹਨਾਂ ਖੇਡਾਂ ਨੂੰ ਅਕਾਦਮਿਕ ਪਾਠਕ੍ਰਮ ਦਾ ਰਸਮੀ ਹਿੱਸਾ ਬਣਾਉਣ ਲਈ ਵੀ ਕੰਮ ਕਰਾਂਗੇ, ਤਾਂ ਜੋ ਪੰਜਾਬ ਦੇ ਕਿਸੇ ਵੀ ਪਿੰਡ ਦਾ ਬੱਚਾ 'ਗੱਤਕਾ' ਸਿੱਖਣ ਵਿੱਚ ਵੀ ਓਨਾ ਹੀ ਮਾਣ ਮਹਿਸੂਸ ਕਰੇ ਜਿੰਨਾ ਉਹ ਕਿਸੇ ਓਲੰਪਿਕ ਖੇਡ ਵਿੱਚ ਕਰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਖੇਡਾਂ ਦੇ 'ਭਵਿੱਖ' ਨੂੰ ਸੁਰੱਖਿਅਤ ਕਰਨ ਲਈ ਸਾਨੂੰ ਬਹੁਤ ਸਾਰੇ ਸੰਸਥਾਗਤ ਕਦਮ ਚੁੱਕਣ ਦੀ ਲੋੜ ਹੈ। ਦਿਲ ਦੇ ਰੋਗਾਂ ਦੇ ਮਾਹਿਰ ਤੇ ਉਲੰਪਿਕਸ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨਾਲ ਉਲੰਪਿਕਸ ਤੇ ਏਸ਼ੀਅਨ ਖੇਡਾਂ ਵਿੱਚ ਡਾਕਟਰ ਵਜੋਂ ਜਾਣ ਵਾਲੇ ਡਾ. ਮਨਮੋਹਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਕਿਹਾ ਕਿ ਲੋਕ ਖੇਡਾਂ ਸਾਨੂੰ ਆਪਣੀ ਮਿੱਟੀ ਨਾਲ ਜੋੜਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਜਿੱਤਣ ਲਈ ਨਹੀਂ ਹੁੰਦੀਆਂ ਬਲਕਿ ਸਿੱਖਣ ਲਈ ਹੁੰਦੀਆਂ ਹਨ। ਲੋਕ ਖੇਡਾਂ ਦੇ ਹਵਾਲੇ ਨਾਲ ਉਹਨਾਂ ਕਿਹਾ ਕਿ ਹੁਣ ਜਦੋਂ ਆਧੁਨਿਕ ਸੰਗਠਿਤ ਖੇਡਾਂ ਬਹੁਤ ਗੁੰਝਲਦਾਰ ਅਤੇ ਮਹਿੰਗੀਆਂ ਹੋ ਗਈਆਂ ਹਨ ਤਾਂ ਦੂਜੇ ਪਾਸੇ ਸਾਡੀਆਂ ਲੋਕ ਖੇਡਾਂ ਹਾਲੇ ਵੀ ਸਰਲ, ਸਸਤੀਆਂ ਅਤੇ ਪ੍ਰਭਾਵਸ਼ਾਲੀ ਹਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸੈਮੀਨਾਰ ਵਿੱਚ ਸਨਮਾਨਿਤ ਸ਼ਖ਼ਸੀਅਤ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਅੱਜ ਜਦੋਂ ਏ.ਆਈ. ਦਾ ਬੋਲਬਾਲਾ ਹੋ ਰਿਹਾ ਹੈ ਅਤੇ ਵਿਸ਼ਵੀਕਰਨ ਨੇ ਮਨੁੱਖ 'ਤੇ ਬਹੁਤ ਜ਼ਿਆਦਾ ਮਾਰੂ ਪ੍ਰਭਾਵ ਪਾਏ ਹਨ ਤਾਂ ਸਾਨੂੰ ਲੋਕ ਖੇਡਾਂ ਸਮੇਤ ਆਪਣੇ ਸਮੁੱਚੇ ਵਿਰਸੇ ਨੂੰ ਤਰਜੀਹੀ ਅਧਾਰ 'ਤੇ ਬਚਾਉਣਾ ਪਵੇਗਾ। ਪ੍ਰੋ. ਗਿੱਲ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਇੱਥੇ ਚੰਗਾ ਖੇਡ ਸੱਭਿਆਚਾਰ ਵਿਕਸਿਤ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਕੇ ਅੱਜ ਸਰਮਾਏ ਦੀ ਅਮਰਵੇਲ ਨੇ ਸਾਡੇ ਤੋਂ ਸਾਡੀਆਂ ਸੋਹਣੀਆਂ ਲੋਕ-ਖੇਡਾਂ ਖੋਹ ਲਈਆਂ ਹਨ। ਇਸ ਪੱਖੋਂ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ।ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੀ ਪੁਰਾਤਨ ਖੇਡ ਮਰਿਆਦਾ ਨੂੰ ਸੰਭਾਲਣ ਲਈ ਇੱਕਜੁਟਤਾ ਨਾਲ ਹੰਭਲੇ ਮਾਰਨ ਦੀ ਲੋੜ ਹੈ ਤਾਂ ਜੋ ਪਿੰਡਾਂ ਵਿੱਚ ਇਕੱਠੇ ਜੀਣ ਮਰਨ ਦੀ ਰਵਾਇਤ ਕਾਇਮ ਰਹੇ। ਉੱਘੇ ਲੋਕਧਾਰਾ ਮਾਹਿਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾ ਮੁਕਤ ਪ੍ਰੋਫੈਸਰ ਡਾ. ਗੁਰਮੀਤ ਸਿੰਘ ਨੇ ਆਪਣਾ ਮੁੱਖ-ਸੁਰ ਭਾਸ਼ਣ ਦਿੰਦਿਆਂ ਕਿਹਾ ਕਿ ਲੋਕ ਖੇਡਾਂ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਣ ਵਿੱਚ ਵੱਡਾ ਯੋਗਦਾਨ ਪਾਉਂਦੀਆਂ ਹਨ। ਉਹਨਾਂ ਵਿਸਥਾਰ ਵਿੱਚ ਸਮਝਾਇਆ ਕਿ ਲੋਕ ਖੇਡਾਂ ਵਿੱਚ ਪ੍ਰਚੱਲਿਤ ਗਤੀਵਿਧੀਆਂ, ਇਸ਼ਾਰੇ, ਅਦਾਵਾਂ, ਸ਼ਬਦਾਵਲੀ ਆਦਿ ਦੇ ਬਹੁਤ ਗਹਿਰੇ ਅਰਥ ਹੁੰਦੇ ਹਨ ਜੋ ਮਨੁੱਖ ਦੇ ਅਵਚੇਤਨ ਨਾਲ ਜੁੜੇ ਭਾਵਾਂ ਦਾ ਪ੍ਰਗਟਾਅ ਬਣਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਦੀਆਂ ਆਧੁਨਿਕ ਖੇਡਾਂ ਦਾ ਮੂਲ ਵੀ ਸਾਡੇ ਪਿੰਡ ਪੱਧਰ 'ਤੇ ਖੇਡੀਆਂ ਜਾਂਦੀਆਂ ਬਹੁਤ ਸਾਰੀਆਂ ਲੋਕ ਖੇਡਾਂ ਵਿੱਚ ਪਿਆ ਹੈ।ਉਦਘਾਟਨੀ ਸੈਸ਼ਨ ਦਾ ਸੰਚਾਲਨ ਕਰਦੇ ਸੈਮੀਨਾਰ ਦੀ ਕਨਵੀਨਰ ਡਾ. ਮਨਪ੍ਰੀਤ ਕੌਰ ਨੇ ਵਿਸ਼ੇ ਬਾਰੇ ਅਹਿਮ ਟਿੱਪਣੀਆਂ ਕੀਤੀਆਂ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਪਰਮਿੰਦਰ ਸਿੰਘ ਨੇ ਧੰਨਵਾਦ ਕੀਤਾ। ਉਦਘਾਟਨੀ ਸੈਸ਼ਨ ਉਪਰੰਤ ਹੋਈ ਪੈਨਲ ਚਰਚਾ ਦੌਰਾਨ ਪ੍ਰੋ. ਸੁਰਜੀਤ ਸਿੰਘ ਭੱਟੀ, ਡਾ.ਹਰਜੀਤ ਕੌਰ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਤੇ ਖੇਡ ਲੇਖਕ ਨਵਦੀਪ ਸਿੰਘ ਗਿੱਲ ਨੇ ਆਪਣੇ ਅਹਿਮ ਵਿਚਾਰ ਪ੍ਰਗਟਾਏ।ਨਵਦੀਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਤੇ ਖਿਡਾਰੀਆਂ ਨੂੰ ਪ੍ਰਫੁੱਲਤ ਕਰਨ ਲਈ ਪੁਰਾਤਨ ਖੇਡਾਂ ਨੂੰ ਨਾਲ ਲੈਕੇ ਚੱਲਦੇ ਹੋਏ ਹੀ ਮੌਜੂਦਾ ਮੁਕਾਬਲੇ ਦੇ ਯੁੱਗ ਵਿੱਚ ਸਾਡੇ ਖਿਡਾਰੀ ਕਾਮਯਾਬ ਹੋ ਸਕਦੇ ਹਨ। ਨਵਦੀਪ ਸਿੰਘ ਗਿੱਲ ਨੇ ਸਿੱਖ ਇਤਿਹਾਸ ਦਾ ਜਿਕਰ ਕਰਦਿਆਂ ਕਿਹਾ ਕਿ ਖੇਡਾਂ ਵਿੱਚ ਮੱਲਾਂ ਮਾਰਨ ਦਾ ਜ਼ਜਬਾ ਪੰਜਾਬੀਆਂ ਦੇ ਖੂਨ ਵਿੱਚ ਹੈ। ਇਸ ਸੈਸ਼ਨ ਦਾ ਸੰਚਾਲਨ ਡਾ. ਅਮਰੀਕ ਸਿੰਘ ਨੇ ਕੀਤਾ। ਡਾ. ਸਤੀਸ਼ ਕੁਮਾਰ ਵਰਮਾ ਨੇ ਵੀ ਵਿਰਸੇ ਦੀ ਸੰਭਾਲ ਦੇ ਹਵਾਲੇ ਨਾਲ ਪੰਜਾਬੀ ਯੂਨੀਵਰਸਿਟੀ ਵਿੱਚ ਸੇਵਾ ਦੌਰਾਨ ਉਨ੍ਹਾਂ ਵੱਲ਼ੋਂ ਆਰੰਭੇ ਕਾਰਜਾਂ ਦਾ ਜ਼ਿਕਰ ਕੀਤਾ। ਇਸ ਉਪਰੰਤ ਪੰਜਾਬ ਦੀਆਂ ਲੋਕ ਖੇਡਾਂ ਬਾਰੇ ਵੱਖ ਵੱਖ ਖੋਜਾਰਥੀਆਂ ਵੱਲੋਂ ਆਪਣੀ ਖੋਜ ਪੱਤਰ ਪੇਸ਼ ਕੀਤੇ ਗਏ। ਖੋਜਾਰਥੀਆਂ ਵੱਲੋਂ ਪੰਜਾਬ ਦਾ ਇਤਿਹਾਸ, ਸਭਿਆਚਾਰ, ਲੋਕ ਖੇਡਾਂ, ਪੰਜਾਬੀ ਲੋਕ ਖੇਡਾਂ ਦਾ ਵਰਗੀਕਰਨ ਅਤੇ ਇਤਿਹਾਸ, ਸਕੂਲਾਂ ਅਤੇ ਯੂਨੀਵਰਸਿਟੀਆਂ ਵਿੱਚ ਲੋਕ ਖੇਡਾਂ ਨੂੰ ਪਾਠ ਕਰਨ ਵਿੱਚ ਸ਼ਾਮਿਲ ਕਰਨ ਆਦਿ ਵਿਸ਼ਿਆਂ ਉੱਤੇ ਆਪਣੇ ਵਿਚਾਰ ਪ੍ਰਗਟਾਏ ਗਏ।ਅੰਤ ਵਿੱਚ ਸਮਾਪਤੀ ਸੈਸ਼ਨ ਦਾ ਸੰਚਾਲਨ ਡਾ. ਸਨਮਾਨ ਕੌਰ ਵੱਲੋਂ ਕੀਤਾ ਗਿਆ।ਸੈਮੀਨਾਰ ਦੌਰਾਨ ਹੋਰਨਾਂ ਤੋਂ ਇਲਾਵਾ ਡਾ. ਭੁਪਿੰਦਰ ਸਿੰਘ ਖਹਿਰਾ,ਡਾ. ਸੁਰਜੀਤ ਸਿੰਘ, ਡਾ. ਗੁਰਮੁਖ ਸਿੰਘ, ਡਾ. ਸਤੀਸ਼ ਕੁਮਾਰ ਵਰਮਾ, ਡਾ. ਰਜਿੰਦਰਪਾਲ ਸਿੰਘ ਬਰਾੜ, ਡਾ. ਮਾਨ ਸਿੰਘ ਢੀਂਡਸਾ, ਡਾ. ਪਰਮਵੀਰ ਸਿੰਘ, ਡਾ. ਅਮਰਜੀਤ ਸਿੰਘ, ਡਾ. ਬਲਵਿੰਦਰਜੀਤ ਕੌਰ ਭੱਟੀ,ਡਾ. ਕਿਰਨਜੀਤ ਕੌਰ ਆਦਿ ਮੌਜੂਦ ਰਹੇ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੇਵਾ ਮੁਕਤ ਪ੍ਰੋਫੈਸਰ ਡਾ. ਸੁਰਜੀਤ ਸਿੰਘ ਭੱਟੀ ਪਰਿਵਾਰ ਵੱਲੋਂ ਲਿਆਂਦੇ ਦੋਸ਼ਾਲੇ ਨਾਲ ਸਾਥੀਆਂ ਨੂੰ ਨਾਲ ਲੈ ਕੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੂੰ ਸਨਮਾਨਿਤ ਕੀਤੀ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ