ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਕਣਕ ਦੀ ਖਰੀਦ ਸਬੰਧੀ ਪੁਖ਼ਤਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਵਿੱਚ ਹੋਈ ਅਹਿਮ ਮੀਟਿੰਗ

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਕਣਕ ਦੀ ਖਰੀਦ ਸਬੰਧੀ ਪੁਖ਼ਤਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਵਿੱਚ ਹੋਈ ਅਹਿਮ ਮੀਟਿੰਗ
ਟਰਾਂਸਪੋਰਟ ਅਤੇ ਸਟੋਰੇਜ ਘਾਟ ਪੂਰੀ ਕਰਨ ਲਈ ਤੁਰੰਤ ਕਦਮ ਚੁੱਕੇ ਜਾਣਗੇ : ਤਰੁਨਪ੍ਰੀਤ ਸਿੰਘ ਸੌਂਦ

ਡਿਪਟੀ ਕਮਿਸ਼ਨਰ ਨੇ ਸੁਚਾਰੂ ਖਰੀਦ ਪ੍ਰਕਿਰਿਆ ਦਾ ਦਿੱਤਾ ਭਰੋਸਾ

ਕਣਕ ਖਰੀਦ ਸੀਜ਼ਨ ਦੌਰਾਨ ਕਾਨੂੰਨ-ਵਿਵਸਥਾ ਲਈ ਪੂਰੇ ਇੰਤਜ਼ਾਮ : ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ
ਖੰਨਾ, (ਲੁਧਿਆਣਾ), 9 ਅਪ੍ਰੈਲ (ਮਨਜੀਤ ਸਿੰਘ ਰੋਮਾਣਾ) ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ ਦੇ ਨਾਲ ਵੀਰਵਾਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ, ਖੰਨਾ ਦੇ ਮਾਰਕੀਟ ਕਮੇਟੀ ਦੇ ਮੀਟਿੰਗ ਹਾਲ ਵਿੱਚ ਕਣਕ ਦੀ ਖਰੀਦ ਦੇ ਪੁਖ਼ਤਾ ਪ੍ਰਬੰਧਾਂ ਸਬੰਧੀ ਖਰੀਦ ਏਜੰਸੀਆਂ, ਆੜ੍ਹਤੀਆ ਐਸੋਸੀਏਸ਼ਨ ਖੰਨਾ ਅਤੇ ਮੰਡੀ ਬੋਰਡ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਤੋਂ ਇਲਾਵਾ ਹੋਰ ਸਬੰਧਿਤ ਵਿਭਾਗਾਂ ਨਾਲ ਕਣਕ ਦੀ ਖਰੀਦ ਸਬੰਧੀ ਮੀਟਿੰਗ ਕੀਤੀ।

ਇਸ ਮੀਟਿੰਗ ਵਿੱਚ ਸਾਰਿਆਂ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ ਗਿਆ ਤਾਂ ਜੋ ਮੌਜੂਦਾ ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਸਹਾਇਤਾ ਲਈ ਕਣਕ ਦੀ ਨਿਰਵਿਘਨ ਅਤੇ ਮੁਸ਼ਕਲ ਰਹਿਤ ਖਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਸਾਲ 2022 ਤੋਂ ਨਿਰੰਤਰ ਕੰਮ ਕਰ ਰਹੀ ਹੈ। ਅਸੀਂ ਨੌਵੇਂ ਖਰੀਦ ਸੀਜਨ ਵਿੱਚ ਪਰਵੇਸ਼ ਕਰ ਚੁੱਕੇ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯੋਗ ਅਗਵਾਈ ਹੇਠ ਖਰੀਦ ਵਿਭਾਗਾਂ ਨੇ ਸਾਡੇ ਕਿਸਾਨ ਅਤੇ ਆੜਤੀਆ ਭਰਾਵਾਂ ਨੂੰ ਪਿਛਲੇ ਅੱਠ ਸੀਜਨਾਂ ਵਿੱਚ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ। ਕਿਸਾਨਾਂ ਦੇ ਇੱਕ ਇੱਕ ਦਾਣੇ ਦੀ ਖਰੀਦ ਕੀਤੀ ਗਈ ਅਤੇ ਸਮੇਂ ਸਿਰ ਲਿਫਟਿੰਗ ਕਰਵਾਈ ਗਈ। ਉਹਨਾਂ ਦੱਸਿਆ ਕਿ ਟਰਾਂਸਪੋਰਟ ਦੇ ਠੇਕੇਦਾਰ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿੰਨੀਆਂ ਵੀ ਤੇਰੇ ਕੋਲ ਗੱਡੀਆਂ ਹਨ ਉਨ੍ਹਾਂ ਦੀ ਵਰਤੋਂ ਕਰੋ। ਜੇਕਰ ਠੇਕੇਦਾਰ ਕੋਲ ਗੱਡੀਆਂ ਦੀ ਕਮੀ ਆਉਂਦੀ ਹੈ ਅਤੇ ਆੜਤੀਏ ਭਰਾ ਆਪਣੀਆਂ ਗੱਡੀਆਂ ਦੀ ਵਰਤੋਂ ਕਰਦੇ ਹਨ ਤਾਂ ਉਸ ਉੱਤੇ ਜੋ ਲਾਗਤ ਆਵੇਗੀ ਤਾਂ ਠੇਕੇਦਾਰ ਉਨ੍ਹਾਂ ਨੂੰ ਪੈਸੇ ਦੇਵੇਗਾ। ਉਨ੍ਹਾਂ ਕਿਹਾ ਕਿ ਖੰਨਾ ਅਨਾਜ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਅਤੇ ਇਸ ਗੱਲ ਦੀ ਗਵਾਹ ਹੈ ਕਿ ਅਸੀਂ ਪਿਛਲੇ ਅੱਠ ਸੀਜਨਾਂ ਦੌਰਾਨ ਕਿਸੇ ਨੂੰ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ। 

ਤਰੁਨਪ੍ਰੀਤ ਸਿੰਘ ਸੌਂਦ ਨੇ ਮੀਟਿੰਗ ਦੌਰਾਨ ਦੱਸਿਆ ਕਿ ਆੜਤੀਆਂ ਦੀ ਪਿਛਲੇ ਹਫਤੇ ਦੌਰਾਨ ਪੰਜਾਬ ਸਰਕਾਰ ਨਾਲ ਤਿੰਨ ਮੀਟਿੰਗਾਂ ਹੋਈਆਂ ਹਨ। ਇਹਨਾਂ ਦੀ ਇੱਕ ਮੀਟਿੰਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਨਾਲ ਕਰਵਾਈ ਗਈ ਹੈ। ਉਸ ਤੋਂ ਅਗਲੀ ਮੀਟਿੰਗ ਮੁੱਖ ਸਕੱਤਰ ਪੰਜਾਬ ਨਾਲ ਹੋਈ। ਇਸ ਮੀਟਿੰਗ ਵਿੱਚ ਆੜਤੀਆਂ ਨਾਲ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਤੀਜੀ ਮੀਟਿੰਗ ਖੇਤੀਬਾੜੀ ਮੰਤਰੀ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਕੀਤੀ। ਇਸ ਮੀਟਿੰਗ ਦੌਰਾਨ ਵੀ ਆੜਤੀਆਂ ਦੀਆਂ ਮੰਗਾਂ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ। ਉਹਨਾਂ ਕਿਹਾ ਕਿ ਮੈਂ ਆੜਤੀਆਂ ਐਸੋਸੀਏਸ਼ਨ ਦੇ ਸਾਰੇ ਪ੍ਰਧਾਨਾਂ ਦਾ ਧੰਨਵਾਦ ਕਰਦਾ ਹਾਂ ਕਿ ਜੋ ਇਹਨਾਂ ਨੇ ਧਰਨੇ ਦੀ ਕਾਲ ਦਿੱਤੀ ਸੀ ਉਹ ਪੰਜਾਬ ਸਰਕਾਰ ਦੇ ਕਹਿਣ ਉੱਤੇ ਖਤਮ ਕਰ ਦਿੱਤੀ ਹੈ। ਉਨ੍ਹਾਂ ਆੜ੍ਹਤੀਆਂ ਨੂੰ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ ਤੁਹਾਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਧਰਨੇ ਲਗਾਉਣ ਦੀ ਲੋੜ ਨਹੀਂ ਹੈ। ਅਸੀਂ ਖੁਦ ਤੁਹਾਡੇ ਕੰਮ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਾਂ। 

ਉਹਨਾਂ ਦੱਸਿਆ ਕਿ ਖੰਨਾ ਦੀ ਅਨਾਜ ਮੰਡੀ ਵਿੱਚ ਕਰੀਬ 9 ਹਜਾਰ ਮੀਟਰਿਕ ਟਨ ਤੋਂ ਵੱਧ ਕਣਕ ਦੀ ਖਰੀਦ ਹੋਣ ਦੀ ਸੰਭਾਵਨਾ ਹੈ। ਜਿਸ ਲਈ 60 ਫੀਸਦੀ ਸਟੋਰੇਜ ਉਪਲਬਧ ਹੈ। ਜੋ 40 ਫੀਸਦੀ ਕਮੀ ਹੈ ਉਸ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੂੰ ਸੂਚਿਤ ਕਰ ਦਿੱਤਾ ਹੈ ਕਿ ਸਾਨੂੰ ਖੰਨਾ ਮੰਡੀ ਲਈ 10 ਸਪੈਸ਼ਲਾਂ ਦੀ ਜਰੂਰਤ ਹੈ। ਸੋ ਜਦੋਂ ਇਹ ਲੱਗੇਗਾ ਕਿ ਇਥੇ ਸਪੈਸ਼ਲ ਦੀ ਜਰੂਰਤ ਹੈ ਤਾਂ ਫੌਰੀ ਤੌਰ 'ਤੇ ਸਪੈਸ਼ਲਾਂ ਮੁਹੱਈਆ ਕਰਵਾਈਆਂ ਜਾਣਗੀਆਂ। 

ਉਹਨਾਂ ਆੜਤੀਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਸਬੰਧਤ ਮੰਤਰੀ ਸਾਹਿਬ ਨਾਲ ਗੱਲਬਾਤ ਕਰਕੇ ਸਾਰੀਆਂ ਮੁਸ਼ਕਿਲਾਂ ਦਾ ਹੱਲ ਕੱਢ ਲਿਆ ਜਾਵੇਗਾ। ਜੇਕਰ ਲੋਕਲ ਲੈਵਲ 'ਤੇ ਕੋਈ ਦਿੱਕਤ ਆਉਂਦੀ ਹੈ ਤਾਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਸਬ ਡਿਵੀਜ਼ਨ 'ਤੇ ਹਾਜ਼ਰ ਹਨ, ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ।

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਕਣਕ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਜੋ ਮੀਟਿੰਗ ਸੱਦੀ ਹੈ ਉਹ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਕਣਕ ਦੀ ਖਰੀਦ ਦਾ ਧਿਆਨ ਰੱਖਣ ਲਈ ਸਾਡੇ ਨਾਲ ਫੋਨ 'ਤੇ ਵੀ ਗੱਲਬਾਤ ਕਰਦੇ ਰਹਿੰਦੇ ਹਨ ਕਿ ਇਸ ਸੀਜਨ ਨਾਲ ਸੰਬੰਧਿਤ ਬਾਰਦਾਨੇ ਦੀ ਕਮੀ ਨਾ ਆਵੇ, ਢੋਆ ਢੁਆਈ ਦੇ ਵਹੀਕਲਾਂ ਦੀ ਜਾਂ ਕਣਕ ਲਈ ਸਟੋਰੇਜ ਦੀ ਕੋਈ ਵੀ ਮੁਸ਼ਕਲ ਪੇਸ਼ ਨਾ ਆਵੇ। ਇਸ ਸਾਰੇ 'ਤੇ ਨਿਗ੍ਹਾਸਾਨੀ ਲਈ ਆੜਤੀਆ ਐਸੋਸੀਏਸ਼ਨ ਨਾਲ ਮੀਟਿੰਗ ਕਰਨੀ ਬਹੁਤ ਜਰੂਰੀ ਹੁੰਦੀ ਹੈ ਕਿਉਂਕਿ ਉਨ੍ਹਾਂ ਤੋਂ ਸਾਨੂੰ ਸਹਿਯੋਗ ਚਾਹੀਦਾ ਹੁੰਦਾ ਹੈ। ਉਨਾਂ ਦੀਆਂ ਜੋ ਮੰਗਾਂ ਜਾਂ ਖਦਸ਼ਾ ਹਨ ਉਨ੍ਹਾਂ ਨੂੰ ਅਸੀਂ ਜਰੂਰ ਪੂਰਾ ਕਰਾਂਗੇ। ਇਸ ਵਾਰ ਪ੍ਰਾਈਵੇਟ ਖਰੀਦ ਘੱਟ ਹੋਣ ਕਾਰਨ ਸਪੈਸ਼ਲ ਦੀ ਮੰਗ ਸਾਹਮਣੇ ਆਈ ਹੈ। ਇਸ ਲਈ ਅਸੀਂ ਭਰੋਸਾ ਦਿੰਦੇ ਹਾਂ ਕਿ ਇਕੱਲਾ-ਇਕੱਲਾ ਦਾਣਾ ਅਸੀਂ ਚੁਕਾਵਾਂਗੇ। ਅਸੀਂ ਸਾਰੇ ਰਲ ਮਿਲ ਕੇ ਲਿਫਟਿੰਗ ਯਕੀਨੀ ਬਣਾਵਾਂਗੇ।

ਉਹਨਾਂ ਦੱਸਿਆ ਕਿ ਮੈਂ ਹੁਣੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਸ੍ਰੀ ਵਰਿੰਦਰ ਕੁਮਾਰ ਨਾਲ ਗੱਲ ਕੀਤੀ ਹੈ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਅਸੀਂ ਤੁਹਾਨੂੰ ਸਪੈਸ਼ਲਾਂ ਦੇਵਾਂਗੇ। ਸਭ ਕੁਝ ਨਾਲ ਦੀ ਨਾਲ ਹੱਲ ਕਰ ਲਿਆ ਜਾਵੇਗਾ। ਸੋ ਸਪੈਸ਼ਲ ਵਾਲਾ ਕੰਮ, ਸਟੋਰੇਜ ਅਤੇ ਲਿਫਟਿੰਗ ਦਾ ਕੰਮ ਸਮੇਂ ਅਨੁਸਾਰ ਚੱਲੇਗਾ। ਤੁਸੀਂ ਇਸ ਲਈ ਬਿਲਕੁਲ ਫਿਕਰ ਨਹੀਂ ਕਰਨੀ। ਉਨ੍ਹਾਂ ਆੜਤੀਆਂ ਨੂੰ ਦੱਸਿਆ ਕਿ ਸਾਰਾ ਕੁਝ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਚੱਲ ਰਿਹਾ ਹੈ। ਕਣਕ ਦੀ ਖਰੀਦ ਸੀਜਨ ਬਹੁਤ ਚੰਗੇ ਤਰੀਕੇ ਨਾਲ ਸਿਰੇ ਲਗਾ ਦਿੱਤਾ ਜਾਵੇਗਾ। ਜੇਕਰ ਕਿਸੇ ਵੀ ਕਿਸਮ ਦੀ ਦਿੱਕਤ ਆਉਂਦੀ ਹੈ ਤਾਂ ਸਾਰਾ ਪ੍ਰਸ਼ਾਸਨ ਤੁਹਾਡੇ ਲਈ ਹਾਜ਼ਰ ਹੈ। 

ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਖਰੀਦ ਸੀਜਨ ਲਈ ਪੁਖ਼ਤਾ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਵਚਨਬੱਧ ਹਾਂ। ਉਨਾਂ ਦੱਸਿਆ ਕਿ ਅਸੀਂ ਇੱਕ ਵੇਰਵੇ ਸਹਿਤ ਸਕਿਊਰਟੀ ਪ੍ਰੋਗਰਾਮ ਬਣਾਇਆ ਹੈ ਜਿਸ ਵਿੱਚ ਦਿਨ ਅਤੇ ਰਾਤ ਦੋ-ਦੋ ਸ਼ਿਫਟਾਂ 8 ਤੋਂ 8 ਘੰਟੇ ਲਗਾ ਰਹੇ ਹਾਂ। 

ਡਾ. ਦਰਪਣ ਆਹਲੂਵਾਲੀਆ ਨੇ ਆੜਤੀਆਂ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਨੂੰ ਕਿਹਾ ਕਿ ਮੇਰਾ ਫੋਨ ਨੰਬਰ ਸਾਰਿਆਂ ਨੂੰ ਸਾਂਝਾ ਕਰ ਦੇਣ ਜੇਕਰ ਦਿਨ ਤੇ ਰਾਤ ਵਾਲੀ ਸ਼ਿਫਟ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਤੁਰੰਤ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਖਰੀਦ ਸੀਜ਼ਨ ਨਾਲ ਸੰਬੰਧਿਤ ਮੀਟਿੰਗ ਹੋ ਚੁੱਕੀ ਹੈ। ਸਾਰਾ ਕੁਝ ਸਾਡੀ ਦੇਖ-ਰੇਖ ਹੇਠ ਚੱਲ ਰਿਹਾ ਹੈ ਅਤੇ ਅਸੀਂ ਪੁਖ਼ਤਾ ਲਾਅ ਐਂਡ ਆਰਡਰ ਮੇਨਟੇਨ ਕਰਾਂਗੇ।

ਇਸ ਮੌਕੇ 'ਤੇ ਆੜ੍ਹਤੀਆ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਵੱਲੋਂ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਸ਼ੂ ਜੈਨ, ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਡਾ. ਦਰਪਣ ਆਹਲੂਵਾਲੀਆ, ਵਧੀਕ ਡਿਪਟੀ ਕਮਿਸ਼ਨਰ ਖੰਨਾ ਜਸ਼ਨਪ੍ਰੀਤ ਕੌਰ ਗਿੱਲ, ਉਪ ਮੰਡਲ ਮਜਿਸਟਰੇਟ ਖੰਨਾ ਸਵਾਤੀ ਟਿਵਾਣਾ, ਸਕੱਤਰ ਮਾਰਕੀਟ ਕਮੇਟੀ ਖੰਨਾ ਕਮਲਦੀਪ ਸਿੰਘ ਮਾਨ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਸ੍ਰੀ ਜਗਤਾਰ ਸਿੰਘ ਗਿੱਲ ਰਤਨਹੇੜੀ, ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਲਖਵੀਰ ਸਿੰਘ ਗਿੱਲ, ਪਲੈਨਿੰਗ ਬੋਰਡ ਅਤੇ ਜਿਲਾ ਪਰਿਸ਼ਦ ਮੈਂਬਰ ਮਾਸਟਰ ਅਵਤਾਰ ਸਿੰਘ ਦੈਹਿੜੂ, ਆੜ੍ਹਤੀਆ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਆੜਤੀਏ ਮੌਜੂਦ ਸਨ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ