ਲੁਧਿਆਣਾ ਨੂੰ ਮਿਲੀ ਵੱਡੀ ਸਿਹਤ ਸੌਗਾਤ, ਅੱਜ ਜ਼ਿਲ੍ਹਾ ਵਾਸੀਆਂ ਲਈ 17 ਆਮ ਆਦਮੀ ਕਲੀਨਿਕ ਕੀਤੇ ਗਏ ਲੋਕ ਅਰਪਣ
ਲੁਧਿਆਣਾ ਨੂੰ ਮਿਲੀ ਵੱਡੀ ਸਿਹਤ ਸੌਗਾਤ, ਅੱਜ ਜ਼ਿਲ੍ਹਾ ਵਾਸੀਆਂ ਲਈ 17 ਆਮ ਆਦਮੀ ਕਲੀਨਿਕ ਕੀਤੇ ਗਏ ਲੋਕ ਅਰਪਣ
ਲੁਧਿਆਣਾ 28 ਮਾਰਚ (ਮਨਜੀਤ ਸਿੰਘ ਰੋਮਾਣਾ) ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਗੁਣਵੱਤਾਪੂਰਨ ਅਤੇ ਮੁਫ਼ਤ ਪ੍ਰਾਇਮਰੀ ਸਿਹਤ ਸੇਵਾਵਾਂ ਉਪਲਬੱਧ ਕਰਵਾਉਣ ਦੇ ਮਿਸ਼ਨ ਤਹਿਤ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ 17 ਨਵੇਂ ਆਮ ਆਦਮੀ ਕਲਿਨਿਕ ਜ਼ਿਲ੍ਹਾ ਵਾਸੀਆਂ ਨੂੰ ਸਮਰਪਿਤ ਕੀਤੇ ਗਏ। ਇਨ੍ਹਾਂ ਕਲਿਨਿਕਾਂ ਦਾ ਉਦਘਾਟਨ ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕੀਤਾ ਗਿਆ, ਜਦਕਿ ਲੁਧਿਆਣਾ ਵਿੱਚ ਇਹ ਸਮਾਗਮ ਵਰਚੁਅਲ ਰੂਪ ਵਿੱਚ ਕਰਵਾਇਆ ਗਿਆ। ਇਸ ਮਹੱਤਵਪੂਰਨ ਪਹਿਲ ਨਾਲ ਜ਼ਿਲ੍ਹੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 109 ਹੋ ਗਈ ਹੈ, ਜੋ ਕਿ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਵੱਡੀ ਉਪਲਬਧੀ ਹੈ।
ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਨਿਊ ਮਾਡਲ ਟਾਊਨ, ਅਮਲੋਹ ਰੋਡ ਖੰਨਾ, ਕਾਕੋਵਾਲ, ਬੱਲੋਕੀ, ਭਾਮੀਆਂ ਕਲਾਂ, ਦਾਦ, ਧਰਮਸ਼ਾਲਾ ਪਰਜਾਪਤ ਸ਼ਹਬਾਜਪੁਰਾ ਰੋਡ ਵਾਰਡ ਨੰਬਰ 9 ਰਾਏਕੋਟ, ਡਾਬਾ ਲੋਹਾਰਾ, ਜੰਡਿਆਲੀ, ਅਸ਼ੋਕ ਨਗਰ ਸਲੇਮ ਟਾਬਰੀ, ਗੁਰੂ ਅਰਜਨ ਦੇਵ ਨਗਰ ਨੇੜੇ ਬੰਦਾ ਬਹਾਦੁਰ ਗੁਰਦੁਆਰਾ, ਕਪਿਲ ਪਾਰਕ ਵਾਰਡ ਨੰਬਰ 64, ਡੀਸੀ ਦਫ਼ਤਰ ਪੁਰਾਣੀ ਪੀਡਬਲਯੂਡੀ ਬਿਲਡਿੰਗ, ਇੰਦਰਾ ਕਾਲੋਨੀ ਵੈਟਰਨਰੀ ਹਸਪਤਾਲ ਬਾੜੇਵਾਲ ਰੋਡ, ਤਿਕੋਨੀ ਬਿਲਡਿੰਗ ਕਮਿਊਨਿਟੀ ਸੈਂਟਰ ਜੋਨ ਡੀ ਲੁਧਿਆਣਾ, ਰਮਨ ਮਾਰਕੀਟ ਲਕਸ਼ਮੀ ਸਿਨੇਮਾ ਪਿੱਛੇ, ਪਿੰਡ ਲੋਹਾਰਾ ਖੇਡ ਮੈਦਾਨ ਦੇ ਸਾਹਮਣੇ ਅਤੇ ਪੁਰਾਣੀ ਦਾਣਾ ਮੰਡੀ ਜਗਰਾਉਂ ਵਿਖੇ ਸਥਾਪਿਤ ਕੀਤੇ ਗਏ ਹਨ, ਤਾਂ ਜੋ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਸੌਖੇ ਤਰੀਕੇ ਨਾਲ ਮਿਲ ਸਕਣ।
ਡਾ. ਰਮਨਦੀਪ ਕੌਰ ਨੇ ਅੱਗੇ ਕਿਹਾ ਕਿ ਇਹ ਪਹਿਲ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਹੈ, ਜਿਸ ਦਾ ਉਦੇਸ਼ ਹਰ ਨਾਗਰਿਕ ਤੱਕ ਮੁਫ਼ਤ ਅਤੇ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪਹੁੰਚਾਉਣਾ ਹੈ। ਇਨ੍ਹਾਂ ਆਮ ਆਦਮੀ ਕਲਿਨਿਕਾਂ ਵਿੱਚ ਮੁਫ਼ਤ ਓਪੀਡੀ ਸੇਵਾਵਾਂ, ਜ਼ਰੂਰੀ ਦਵਾਈਆਂ, ਡਾਇਗਨੋਸਟਿਕ ਟੈਸਟ ਅਤੇ ਹੋਰ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ, ਜਿਸ ਨਾਲ ਲੋਕਾਂ ਨੂੰ ਘਰ ਦੇ ਨੇੜੇ ਹੀ ਇਲਾਜ ਮਿਲੇਗਾ ਅਤੇ ਵੱਡੇ ਹਸਪਤਾਲਾਂ ’ਤੇ ਭਾਰ ਘਟੇਗਾ।
ਇਸ ਮੌਕੇ ਸਬੰਧਤ ਹਲਕਿਆਂ ਦੇ ਵਿਧਾਇਕਾਂ, ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਮਾਣਯੋਗ ਹਸਤੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਆਮ ਆਦਮੀ ਕਲੀਨਿਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਪੂਰਾ ਲਾਭ ਲਿਆ ਜਾਵੇ ਅਤੇ ਤੰਦਰੁਸਤ ਸਮਾਜ ਦੀ ਰਚਨਾ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ।
टिप्पणियाँ
एक टिप्पणी भेजें