ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਪਰਮਿੰਦਰ ਸਿੰਘ ਹੋਏ ਸੇਵਾ ਮੁਕਤ, ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵਿੱਚ ਸਨ ਤੈਨਾਤ
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਪਰਮਿੰਦਰ ਸਿੰਘ ਹੋਏ ਸੇਵਾ ਮੁਕਤ
ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵਿੱਚ ਸਨ ਤੈਨਾਤ
ਲੁਧਿਆਣਾ, 27 ਫਰਵਰੀ (ਮਨਜੀਤ ਸਿੰਘ ਰੋਮਾਣਾ) ਸਿਵਲ ਸਰਜਨ ਦਫਤਰ ਲੁਧਿਆਣਾ ਵਿਖੇ ਸੇਵਾ ਨਿਭਾਅ ਰਹੇ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਪਰਮਿੰਦਰ ਸਿੰਘ ਆਪਣੀ ਲੰਬੀ ਸਰਕਾਰੀ ਸੇਵਾ ਤੋਂ ਬਾਅਦ ਅੱਜ ਸੇਵਾ ਮੁਕਤ ਹੋ ਗਏ। ਦਫ਼ਤਰ ਦੇ ਸਮੂਹ ਅਧਿਕਾਰੀ, ਕਰਮਚਾਰੀਆਂ ਵੱਲੋਂ ਉਹਨਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਇਹ ਵਰਨਣ ਯੋਗ ਹੈ ਕਿ ਉਹਨਾਂ ਨੇ ਵੱਖ ਵੱਖ ਅਹੁਦਿਆਂ ਤੇ ਰਹਿ ਕੇ ਕੁੱਲ 37 ਸਾਲ, 10 ਮਹੀਨੇ ਅਤੇ 21 ਦਿਨ ਦੀ ਸੇਵਾ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਈ। ਇਸ ਸੇਵਾ ਦੌਰਾਨ ਉਹਨਾਂ ਨੇ ਜ਼ਿਲ੍ਹਾ ਬਠਿੰਡਾ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਅਤੇ ਸਟੇਟ ਹੈਡ ਆਫ਼ਿਸ ਚੰਡੀਗੜ੍ਹ ਵਿਖੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ।
ਇਸ ਸਮਾਰੋਹ ਦੌਰਾਨ ਸਿਹਤ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਿਰਕਤ ਕਰਕੇ ਉਨ੍ਹਾਂ ਦੀ ਸੇਵਾ ਦੀ ਸਰਾਹਨਾ ਕੀਤੀ। ਇਸ ਸਮਾਰੋਹ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਰਮਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਯੋਜਨਾਵਾਂ ਅਤੇ ਲੋਕ ਭਲਾਈ ਸੰਦੇਸ਼ਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਮਿਹਨਤ, ਸਾਫ-ਸੁਥਰੀ ਛਵੀ ਅਤੇ ਡਿਊਟੀ ਪ੍ਰਤੀ ਵਫ਼ਾਦਾਰੀ ਸਦਾ ਯਾਦ ਰਹੇਗੀ। ਉਨ੍ਹਾਂ ਮੀਡੀਆ ਅਤੇ ਪ੍ਰਸ਼ਾਸਨ ਦਰਮਿਆਨ ਇੱਕ ਮਜ਼ਬੂਤ ਪੁਲ ਵਜੋਂ ਕੰਮ ਕੀਤਾ ਅਤੇ ਹਮੇਸ਼ਾਂ ਤੱਥਾਂ ਅਧਾਰਿਤ ਜਾਣਕਾਰੀ ਪ੍ਰਸਾਰਿਤ ਕਰਨ ਨੂੰ ਤਰਜੀਹ ਦਿੱਤੀ। ਸੰਕਟਕਾਲੀਨ ਸਥਿਤੀਆਂ ਵਿੱਚ ਵੀ ਉਨ੍ਹਾਂ ਨੇ ਸੰਯਮ ਅਤੇ ਸਮਝਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ।
ਆਪਣੇ ਸੰਬੋਧਨ ਵਿੱਚ ਪਰਮਿੰਦਰ ਸਿੰਘ ਨੇ ਸਾਰੇ ਸਹਿਕਰਮੀਆਂ, ਉੱਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯਾਤਰਾ ਉਨ੍ਹਾਂ ਲਈ ਸਿਖਲਾਈ ਅਤੇ ਤਜਰਬੇ ਨਾਲ ਭਰਪੂਰ ਰਹੀ।ਸਰਕਾਰੀ ਸੇਵਾ ਦੌਰਾਨ ਮਿਲਿਆ ਸਹਿਯੋਗ ਅਤੇ ਸਨਮਾਨ ਉਹ ਸਦਾ ਯਾਦ ਰੱਖਣਗੇ। ਸਮਾਰੋਹ ਦੇ ਅੰਤ ਵਿੱਚ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਅਤੇ ਯਾਦਗਾਰੀ ਤੋਹਫ਼ੇ ਭੇਂਟ ਕਰਕੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਹਾਜ਼ਰ ਹੋਏ ਸਾਥੀਆਂ ਨੇ ਉਨ੍ਹਾਂ ਦੀ ਤੰਦਰੁਸਤੀ ਅਤੇ ਖੁਸ਼ਹਾਲ ਜੀਵਨ ਲਈ ਅਰਦਾਸ ਕੀਤੀ। ਇਸ ਮੌਕੇ ਤੇ ਸਿਵਲ ਸਰਜਨ ਡਾ.ਰਮਨਦੀਪ ਕੌਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਪ੍ਰੀਤ ਸਿੰਘ, ਸਹਾਇਕ ਸਿਵਲ ਸਰਜਨ ਡਾ.ਵਿਵੇਕ ਕਟਾਰੀਆ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਸ਼ੀਤਲ ਨਾਰੰਗ ਤੋਂ ਇਲਾਵਾ ਹੋਰ ਵੀ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
टिप्पणियाँ
एक टिप्पणी भेजें