ਸਫ਼ਲ ਕਿਸਾਨ, ਲੇਖਕ ਤੇ ਸਮਾਜਿਕ ਆਗੂ ਬਾਪੂ ਜੀ ਸ. ਹਰੀ ਸਿੰਘ ਵਿਰਕ ਦਾ ਦੁਖਦਾਈ ਵਿਛੋੜਾ : ਗੁਰਭਜਨ ਗਿੱਲ

ਸਫ਼ਲ ਕਿਸਾਨ, ਲੇਖਕ ਤੇ ਸਮਾਜਿਕ ਆਗੂ ਬਾਪੂ ਜੀ ਸ. ਹਰੀ ਸਿੰਘ ਵਿਰਕ ਦਾ ਦੁਖਦਾਈ ਵਿਛੋੜਾ : ਗੁਰਭਜਨ ਗਿੱਲ

ਕੁਝ ਦਿਨ ਪਹਿਲਾਂ ਪਿਆਰੇ ਲੇਖਕ ਦੋਸਤ ਤੇ ਪੰਜਾਬ ਪੁਲੀਸ ਦੇ ਸੇਵਾਮੁਕਤ ਐੱਸ ਐੱਸ ਪੀ ਪਰਮਜੀਤ ਸਿੰਘ ਵਿਰਕ ਦਾ ਪਟਿਆਲਿਓਂ ਦਾ ਸੁਨੇਹਾ ਮਿਲਿਆ,”ਬਾਪੂ ਜੀ ਸਦੀਵੀ ਅਲਵਿਦਾ ਕਹਿ ਗਏ” ਝਟਕਾ ਜਿਹਾ ਲੱਗਾ। ਕਾਰਨ ਇਹ ਸੀ ਕਿ ਪਿਛਲੇ ਸਾਲ ਤਾਂ ਉਨ੍ਹਾਂ ਦੇ ਵਕੀਲ ਪੁੱਤਰ ਤੇ ਲੇਖਕ ਸਰਬਜੀਤ ਸਿੰਘ ਵਿਰਕ ਨੇ ਮੇਰੀ ਗੱਲ ਕਰਵਾਈ ਸੀ ਤੇ ਆਪਾਂ ਦੋਹਾਂ ਨੇ ਮਿਲਣ ਦਾ ਵਾਅਦਾ ਵੀ ਕੀਤਾ ਸੀ।
ਲੱਖ ਚਾਹਵਾਂ, ਮੈਂ ਉਮਰ ਭਰ ਉਹ ਵਾਅਦਾ ਨਹੀਂ ਨਿਭਾ ਸਕਾਂਗਾ। ਦੇਸ਼ ਵੰਡ ਵੇਲੇ ਬਾਪੂ ਜੀ ਵੀ ਸਾਡੇ ਵਾਂਗ ਰਾਵੀ ਪਾਰੋਂ ਆਏ ਸਨ। ਆਪਣੇ ਪੁਰਾਣੇ ਪਿੰਡ “ਹਰ ਦੋ ਸਹਾਰੀ ਦੇ ਵਿਰਕਾਂ ਦਾ ਇਤਿਹਾਸ”ਬਾਰੇ ਉਨ੍ਹਾਂ ਇੱਕ ਖੋਜ ਪੁਸਤਕ ਵੀ ਲਿਖ ਕੇ ਪ੍ਰਕਾਸ਼ਿਤ ਕਰਵਾਈ ਸੀ।
ਸਰਬਜੀਤ ਨਾਲ ਗੱਲ ਹੋਈ ਤਾਂ ਉਸ ਦੱਸਿਆ ਕਿ ਬਾਪੂ ਜੀ ਨੂੰ ਅਧਰੰਗ ਦਾ ਦੌਰਾ ਹੀ ਲੈ ਗਿਆ। ਅਜੇ ਜਾਣ ਵਾਲੇ ਕਿੱਥੇ ਸਨ।
ਪਿਤਾ ਜੀ ਦੈ ਸਾਡੇ ਤੋਂ ਵਿਛੜ ਜਾਣ ਕਾਰਨ ਮੋਹ ਅਤੇ ਭਾਵੁਕਤਾ ਵਿੱਚ ਸਾਰੀਆਂ ਸੋਚਾਂ ਉਥਲ ਪੁਥਲ ਹੋ ਗਈਆਂ ਹਨ। ਪਰ ਹੁਣ ਉਨ੍ਹਾਂ ਦੀਆਂ ਯਾਦਾਂ ਹੌਲੀ ਹੌਲੀ ਸੋਚਾਂ ਨੂੰ ਥਾਂ ਸਿਰ ਕਰਕੇ ਮਨ ਦੇ ਖ਼ਲਾਅ ਨੂੰ ਭਰਨ ਦਾ ਯਤਨ ਕਰ ਰਹੀਆਂ ਹਨ ।
ਉਸ ਯਾਦਾਂ ਦੀ ਪਟਾਰੀ ਵਿੱਚੋਂ ਉਨ੍ਹਾਂ ਦੇ ਅਕਸ ਨੂੰ ਨਿਹਾਰਦਿਆਂ ਉਨ੍ਹਾਂ ਦੇ ਬੋਲਾਂ ਦੀ ਜੀਵਨ ਫ਼ਿਲਾਸਫ਼ੀ ਨੂੰ ਦੁਹਰਾ ਰਹੇ ਹਾਂ। ਇਹ ਗਿਆਨ ਪੋਥੀ ਉਨ੍ਹਾਂ ਆਪਣੀ ਜ਼ਿੰਦਗੀ ਦਾ ਫਲਸਫਾ ਬਣਾਕੇ ਰੱਖੀ। ਅਕਸਰ ਕਹਿੰਦੇ
ਸੱਚ ਤੇ ਇਮਾਨਦਾਰੀ ਨਾਲ ਜੀਵਨ ਬਤੀਤ ਕਰਨ ਵਾਲੇ ਬੰਦੇ ਨੂੰ ਕਦੇ ਕੋਈ ਡਰ ਨਹੀਂ ਲੱਗਦਾ ਅਤੇ ਨਾ ਹੀ ਕੋਈ ਉਸ ਨੂੰ ਡਰਾ ਸਕਦਾ ਹੈ । ਸੱਚ ਬੋਲਣ ਵਾਲੇ ਬੰਦੇ ਨੂੰ ਆਪਣਾ ਕਿਹਾ ਕੁਝ ਵੀ ਯਾਦ ਰੱਖਣਾ ਨਹੀਂ ਪੈਂਦਾ । ਕੋਈ ਇਨਸਾਨ ਪੈਸੇ ਜਾਂ ਰੁਤਬੇ ਨਾਲ ਵੱਡਾ ਨਹੀਂ ਹੁੰਦਾ ਸਗੋਂ ਵੱਡਾ ਉਹ ਹੁੰਦਾ ਹੈ ਜੋ ਵੱਡੇ ਦਿਲ ਦਾ ਮਾਲਕ ਹੁੰਦਾ ਹੈ ਅਤੇ ਵੱਡਾ ਦਿਲ ਵੱਡੀ ਨਿਮਰਤਾ ਤੋਂ ਬਿਨਾਂ ਨਹੀਂ ਬਣਦਾ ਪਿਆਰ ਤੇ ਹਮਦਰਦੀ ਆਪਣੀ ਅਤੇ ਦੂਜਿਆਂ ਦੀ ਰੂਹ ਨੂੰ ਸਕੂਨ ਦਿੰਦੇ ਹਨ। ਭੇਦ ਭਾਵ ਤੇ ਵਿਤਕਰੇ ਰੂਹਾਂ ਨੂੰ ਵਲੂੰਧਰ ਦਿੰਦੇ ਹਨ ।
ਜੇਕਰ ਬੰਦੇ ਨੇ ਆਪਣਾ ਜੀਵਨ ਜ਼ਿੰਦਾਦਿਲੀ ਨਾਲ ਨਹੀਂ ਗੁਜ਼ਾਰਿਆ ਤਾਂ ਉਸਦੇ ਜੀਵਨ ਨੂੰ ਸਫਲ ਜੀਵਨ ਨਹੀਂ ਆਖਿਆ ਜਾ ਸਕਦਾ। ਉਹ ਬੰਦੇ ਲੰਮੀ ਉਮਰ ਦੀ ਕਾਮਨਾ ਨਾ ਕਰਨ ਜੋ ਨਿੱਕੀਆਂ ਗੱਲਾਂ ਵਿੱਚੋਂ ਵੱਡੀਆਂ ਖੁਸ਼ੀਆਂ ਨਹੀਂ ਲੱਭ ਸਕਦੇ ਅਤੇ ਜੋ ਬੁਢਾਪੇ ਤੋਂ ਡਰਦੇ ਹਨ ।
      ਪਿਤਾ ਜੀ ਸ. ਹਰੀ ਸਿੰਘ ਵਿਰਕ ਦੇ ਇਹ ਅਨਮੋਲ ਬਚਨ ਸਿਰਫ਼ ਯਾਦ ਕਰਨ ਵਾਲੇ ਹੀ ਨਹੀਂ ਸਗੋਂ ਉਨਾਂ ਵਾਂਗ ਅਮਲ ਵਿੱਚ ਲਿਆਉਣ ਵਾਲੇ ਹਨ । ਉਨਾਂ ਆਪਣੀ 86 ਵਰ੍ਹਿਆਂ ਦੀ ਉਮਰ ਵਿੱਚ ਇਨ੍ਹਾਂ ਨੇ ਇਨ੍ਹਾਂ ਅਸੂਲਾਂ ਉੱਤੇ ਹੀ ਪਹਿਰਾ ਦਿੱਤਾ । ਅਸੀਂ ਉਨ੍ਹਾਂ ਦੇ ਵਿਚਾਰਾਂ ਅਤੇ ਘਾਲਣਾਵਾਂ ਅੱਗੇ ਸਿਰ ਝੁਕਾਉਂਦੇ ਹਾਂ।
ਬਾਪੂ ਜੀ ਦੀ ਲਿਖੀ ਪੁਸਤਕ ਬਾਰੇ ਲਿਖਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੇਵਾਮੁਕਤ ਪ੍ਰੋਫੈਸਰ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਸੀ ਕਿ ਇਸ ਪੁਸਤਕ ਵਿਚ ਸ:ਹਰੀ ਸਿੰਘ ਵਿਰਕ ਨੇ ਹਰਦੋ ਸਹਾਰੀ ਦੇ ਵਿਰਕਾਂ ਦਾ ਇਤਿਹਾਸ ਅਤੇ ਬੰਸਨਾਮਾ ਲਿਖਣ ਦਾ ਸ਼ਲਾਘਾ ਯੋਗ ਉਦਮ ਕੀਤਾ ਹੈ । ਬਿਨਾਂ ਕਿਸੇ ਲਾਇਬਰੇਰੀ ਜਾਂ ਅਕਾਦਮਿਕ ਟ੍ਰੇਨਿੰਗ ਤੋਂ, ਆਪਣੇ ਕਬੀਲੇ /ਭਾਈਚਾਰੇ ਦੀ ਸਾਂਝ ਨੂੰ ਬਣਾਈ ਰੱਖਣ ਅਤੇ ਵਧਾਉਣ ਦੀ ਮਨਸ਼ਾ ਨਾਲ ਲਿਖੀ ਇਹ ਕਿਤਾਬ ਆਪਣੇ ਆਪ ਵਿਚ ਇਕ ਅਚੰਭਾ ਹੈ।
ਇਸ ਵਿਚ ਵਿਰਕ ਗੋਤ ਬਾਰੇ ਮਹਾਂਭਾਰਤ, ਪੁਰਾਣ, ਲੋਕਧਾਰਾ, ਲੋਕ-ਵਿਸ਼ਵਾਸ, ਲੋਕ ਯਾਦ ਅਤੇ ਸਾਡੀ ਪਰੰਪਰਾ ਨੂੰ ਸੰਭਾਲਣ ਵਾਲੇ ਮੀਰਾਂ ਅਤੇ ਨਾਈਆਂ ਆਦਿ ਦੇ ਹਵਾਲੇ ਦੇ ਕੇ ਲੇਖਕ ਨੇ ਆਪਣੀ ਬਹੁ-ਪੱਖੀ ਪ੍ਰਤਿਭਾ, ਵਿਸ਼ਾਲ ਅਨੁਭਵ ਅਤੇ ਸੁਹਿਰਦ ਅੰਤਰ ਦ੍ਰਿਸ਼ਟੀ ਦਾ ਪ੍ਰਮਾਣ ਦਿੱਤਾ ਹੈ।ਇਕ ਸੌ ਦੇ ਕਰੀਬ ਪਿੰਡਾਂ ਦੀ ਖ਼ੁਦ ਯਾਤਰਾ ਕਰਕੇ, ਹਰ ਪਿੰਡ ਦੇ ਨਾ ਸਿਰਫ ਵਿਰਕਾਂ ਬਲਕਿ ਉਸ ਪਿੰਡ ਦੇ ਗ਼ੈਰ ਜੱਟਾਂ ਅਤੇ ਕਾਮਾ ਸ਼੍ਰੇਣੀਆਂ ਦੇ ਵੇਰਵੇ ਇਕ ਤਰਾਂ ਦੀ ਲੋਕ-ਇਤਿਹਾਸਕਾਰੀ ਅਤੇ ਅਕਾਦਮਿਕ ਇਤਿਹਾਸਕਾਰੀ ਦਾ ਸੰਗਮ ਹੈ।ਇਸ ਕਿਤਾਬ ਵਿਚ ਪਰੰਪਰਾ ਅਤੇ ਲੋਕਯਾਨ ਦਾ ਜੋ ਗੁਲਦਸਤਾ ਤਿਆਰ ਕੀਤਾ ਗਿਆ ਹੈ ਉਸ ਲਈ ਵਿਰਕ ਭਾਈਚਾਰਾ ਅਤੇ ਲੇਖਕ ਸਾਡੀ ਸਭ ਦੀ ਵਧਾਈ ਦੇ ਪਾਤਰ ਹਨ। ਇਸ ਵਿਚ ਨਵਾਬ ਕਪੂਰ ਸਿੰਘ (ਵਿਰਕ), ਜਥੇਦਾਰ ਕਰਤਾਰ ਸਿੰਘ ਝੱਬਰ, ਦੇਸ਼ ਵੰਡ, ਗੁਰਦੁਆਰਾ ਸੁਧਾਰ ਲਹਿਰ,ਆਜ਼ਾਦੀ ਦੀ ਲਹਿਰ, ਫਿਰਕੂ ਮਾਹੌਲ ਸਮੇਂ ਪਿੰਡ ਦੀ ਰਾਣੋ(ਬੇਗ਼ਮ)ਦਾ ਸਿੱਖਾਂ ਨੂੰ ਬਚਾਉਣ ਲਈ ਹਜ਼ੂਮ ਅੱਗੇ ਆ ਕੇ ਛਾਤੀ ਡਾਹ ਦੇਣਾ,ਵੰਡ ਦੇ ਦੁਖਾਂਤ ਦੇ ਵੇਰਵੇ, ਨੂਰ ਜਹਾਂ(ਮਲਕਾ ਏ ਤਰੰਨੁਮ),ਕਸੂਰ,ਸਿਆਲਕੋਟ, ਨਨਕਾਣਾ ਸਾਹਿਬ ਅਤੇ ਇਨਕਲਾਬੀ ਸਿੱਖ ਲਹਿਰ ਦਾ ਇਤਿਹਾਸ ਖੂਬਸੂਰਤ ਅਤੇ ਮਾਣ ਕਰਨਯੋਗ ਵੇਰਵਿਆਂ ਨਾਲ ਪੇਸ਼ ਕੀਤਾ ਗਿਆ ਹੈ ਜੋ ਕਿ ਇਸ ਪੁਸਤਕ ਨੂੰ ਪੜ੍ਹਨਯੋਗ ਬਣਾਉਂਦੇ ਹਨ। ਇਹ ਪੁਸਤਕ ਸਾਦਗੀ ਅਤੇ ਗਿਆਨ ਨਾਲ ਭਰਪੂਰ ਹੈ ਜੋ ਖੋਜ ਦੇ ਖੇਤਰ ਵਿਚ ਇਕ ਆਮ ਆਦਮੀ ਦੀ ਲਗਨ, ਪ੍ਰਾਪਤੀ,ਸਿਰੜ ਅਤੇ ਸੁਹਜ ਦਾ ਇਕ ਮੁੱਲਵਾਨ ਖ਼ਜ਼ਾਨਾ ਹੈ। ਇਹ ਪੁਸਤਕ ਲੋਕ ਇਤਿਹਾਸਕਾਰੀ ਦਾ ਇਕ ਪ੍ਰਮਾਣਿਕ ਦਸਤਾਵੇਜ਼ ਹੈ ਅਤੇ ਵਿਰਕਾਂ ਦੇ ਇਤਿਹਾਸ ਅਤੇ ਭੂਗੋਲ ਦਾ ਭਰੋਸੇਯੋਗ ਕੋਸ਼ वै।
ਬਾਪੂ ਜੀ ਬਾਰੇ ਕੁਝ ਹੋਰ ਗੱਲਾਂ ਦੱਸਦਿਆਂ ਵਿਰਕ ਵੀਰਾਂ ਦੰਸਿਆ ਕਿ ਬਾਪੂ ਜੀ ਦਾ ਜਨਮ ਸਰਦਾਰ ਬਖਸ਼ੀਸ਼ ਸਿੰਘ ਅਤੇ ਮਾਤਾ ਹਰ ਕੌਰ ਦੇ ਘਰ 3 ਸਤੰਬਰ 1940 ਨੂੰ ਪਿੰਡ ਹਰਦੋ ਸਹਾਰੀ, ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਵਿਖੇ ਹੋਇਆ ਸੀ। ਇਹ ਅਜੇ ਬਚਪਨ ਦੀਆਂ ਖੇਡਾਂ ਹੀ ਖੇਡ ਰਹੇ ਸਨ ਕਿ ਦੇਸ਼ ਦੀ ਵੰਡ ਦੀਆਂ ਗੱਲਾਂ ਚੱਲ ਪਈਆਂ ।
ਸੰਨ 1947 ਵਿੱਚ, ਦੇਸ਼ ਦੀ ਵੰਡ ਮੌਕੇ ਹੋਏ ਕਤਲੇਆਮ ਵਿੱਚ, ਇਨ੍ਹਾਂ ਦੀ ਮਾਤਾ ਹਰ ਕੌਰ ਅਤੇ ਇੱਕ ਛੋਟੀ ਭੈਣ ਉਸ ਵੇਲੇ ਮਾਰੀਆਂ ਗਈਆਂ ਜਦੋਂ ਉਹ ਇਨ੍ਹਾਂ ਦੇ ਮਾਮੇ ਦੇ ਵਿਆਹ ਦੇ ਸਬੰਧ ਵਿੱਚ ਇਨ੍ਹਾਂ ਦੇ ਨਾਨਕੇ ਪਿੰਡ ਗਈਆਂ ਹੋਈਆਂ ਸਨ। ਮਿਤੀ 5 ਭਾਦਰੋਂ 1947 ਨੂੰ ਜਦੋਂ ਸ. ਹਰੀ ਸਿੰਘ 7 ਕੁ ਸਾਲ ਦੇ ਸਨ ਇਨਾਂ ਦੇ ਪਿਤਾ ਬਖ਼ਸ਼ੀਸ਼ ਸਿੰਘ ਜੀ,ਆਪਣੇ ਬਾਕੀ ਬਚੇ ਪਰਿਵਾਰ ਅਤੇ ਪਿੰਡ ਦੇ ਹੋਰ 10/12 ਪਰਿਵਾਰਾਂ ਨਾਲ ਆਪਣਾ ਘਰ-ਬਾਰ ਛੱਡ ਕੇ, ਵਾਹਗਾ ਬਾਰਡਰ ਪਾਰ ਕਰਕੇ ਭਾਰਤ ਵਿੱਚ ਦਾਖਲ ਹੋਏ। ਕਰੀਬ 35 ਦਿਨ ਵੱਖ-ਵੱਖ ਥਾਵਾਂ ਤੇ ਭਟਕਦੇ ਹੋਏ ਅਤੇ ਦੁਸ਼ਵਾਰੀਆਂ ਸਹਿੰਦੇ ਹੋਏ 10 ਅੱਸੂ 1947 ਨੂੰ ਨਾਭਾ ਰਿਆਸਤ ਦੇ ਪਿੰਡ ਮਛਰਾਏ ਕਲਾਂ ਪਹੁੰਚ ਕੇ ਇੱਥੇ ਵੱਸ ਗਏ। ਉਹ ਅਜੇ ਦੇਸ਼ ਵੰਡ ਦੇ ਜ਼ਖਮਾਂ ਤੋਂ ਉੱਭਰ ਹੀ ਰਹੇ ਸਨ ਕਿ ਸਾਲ 1951 ਵਿੱਚ ਜਦੋਂ ਸ. ਹਰੀ ਸਿੰਘ ਦੀ ਉਮਰ ਅਜੇ 12 ਕੁ ਸਾਲ ਦੀ ਹੀ ਸੀ, ਤਾਂ ਇਕ ਹੋਰ ਭਾਣਾ ਵਾਪਰਿਆ ।
ਪਿੰਡ ਦੇ ਇਕ ਗਰੀਬ ਪਰਿਵਾਰ ਨਾਲ ਹਮਦਰਦੀ ਵਿਖਾਉਣ ਕਰਕੇ ਇਨ੍ਹਾਂ ਦੇ ਪਿਤਾ ਸਰਦਾਰ ਬਖਸ਼ੀਸ਼ ਸਿੰਘ ਦਾ ਕਤਲ ਹੋ ਗਿਆ। ਇਹ ਕਤਲ ਹੋਣ ਸਮੇਂ ਇਨ੍ਹਾਂ ਦੀ ਵੱਡੀ ਭੈਣ ਦੀ ਸ਼ਾਦੀ ਦਾ ਦਿਨ ਮਿਥਿਆ ਹੋਇਆ ਸੀ। ਇਨ੍ਹਾਂ ਦੀ ਦਾਦੀ ਜਿੰਦ ਕੌਰ ਨੇ ਵੱਡਾ ਹੌਸਲਾ ਦਿਖਾਉਂਦੇ ਹੋਏ ਇਹ ਸ਼ਾਦੀ ਪਹਿਲਾਂ ਮਿੱਥੀ ਤਰੀਕ ਤੇ ਕਰ ਦਿੱਤੀ । ਦਾਦੀ ਜਿੰਦ ਕੌਰ ਨੇ ਪਰਿਵਾਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਪੋਤਰੇ ਨੂੰ ਪਿੰਡ ਕਾਦਰ ਵਾਲਾ ਤਹਿਸੀਲ ਜੀਰਾ ਆਪਣੇ ਭਾਣਜੇ ਸੋਹਣ ਸਿੰਘ ਜੰਡ ਵਾਲਾ ਕੋਲ ਲੈ ਗਏ। ਸ: ਹਰੀ ਸਿੰਘ ਨੇ ਔਖੇ ਹਲਾਤਾਂ ਨਾਲ ਜੂਝਦੇ ਹੋਏ ਚੌਥੀ ਜਮਾਤ ਪ੍ਰਾਇਮਰੀ ਸਕੂਲ ਵਿੱਚ ਜੰਡ ਵਾਲਾ ਤੋਂ, ਅਤੇ ਫਿਰ ਨੌਵੀਂ ਜਮਾਤ ਪਿੰਡ ਤਲਵੰਡੀ ਨਿਪਾਲਾਂ ਦੇ ਸਕੂਲ ਤੋਂ ਪਾਸ ਕੀਤੀ।
18 ਸਾਲ ਦੀ ਉਮਰ ਵਿੱਚ ਇਨ੍ਹਾਂ ਦੀ ਸ਼ਾਦੀ ਕੋਟ ਸਦਰ ਖਾਨ, ਜ਼ਿਲ੍ਹਾ ਫਿਰੋਜ਼ਪੁਰ ਦੇ ਵਸਨੀਕ ਸਰਦਾਰ ਗੁੱਜਰ ਸਿੰਘ ਦੀ ਲੜਕੀ ਸਰਦਾਰਨੀ ਹਰਬੰਸ ਕੌਰ ਨਾਲ ਹੋ ਗਈ। ਤਲਵੰਡੀ ਨਿਪਾਲਾਂ ਪਿੰਡ ਦੀ ਸਾਰੀ ਜਮੀਨ ਦੀ ਅਲਾਟਮੈਂਟ ਕੁਝ ਕਾਰਨਾਂ ਕਰਕੇ ਸਰਕਾਰ ਨੇ ਰੱਦ ਕਰ ਦਿੱਤੀ ਅਤੇ ਸਾਰੇ ਜ਼ਿਮੀਂਦਾਰਾਂ ਨੂੰ ਨਵੀਂ ਥਾਂ ਮਿਲੀਆਂ ਜ਼ਮੀਨਾਂ ਤੇ ਜਾਣਾ ਪਿਆ। ਇਸ ਬਦਲੇ ਹੋਏ ਹਾਲਾਤ ਵਿੱਚ ਇਨ੍ਹਾਂ ਦਾ ਸਹੁਰਾ ਪਰਿਵਾਰ ਇਨ੍ਹਾਂ ਨੂੰ ਆਪਣੇ ਪਾਸ ਪਿੰਡ ਕੋਟ ਸਦਰ ਖਾਨ ਲੈ ਗਿਆ। ਉਥੇ ਰਹਿੰਦੇ ਹੋਏ ਸਰਕਾਰੀ ਹਾਈ ਸਕੂਲ ਕੋਟ ਈਸੇ ਖਾਨ ਤੋਂ ਦਸਵੀਂ ਜਮਾਤ ਪਾਸ ਕਰਨ ਤੋਂ ਬਾਅਦ ਡੀ.ਐਮ. ਕਾਲਜ ਮੋਗਾ ਤੋਂ ਵਿਦਿਆ ਪ੍ਰਾਪਤ ਕੀਤੀ। ਅਲੱਗ ਅਲੱਗ ਥਾਂਵਾਂ ਉੱਤੇ ਕੋਟ ਸਦਰ 11 ਸਾਲਾਂ ਦਾ ਬਨਵਾਸ ਕੱਟ ਕੇ ਸਤੰਬਰ 1964 ਵਿੱਚ ਸਰਦਾਰ ਹਰੀ ਸਿੰਘ ਪਰਿਵਾਰ ਸਮੇਤ ਵਾਪਸ ਆਪਣੇ ਪਿੰਡ ਮਛਰਾਏ ਕਲਾਂ ਆ ਕੇ ਵੱਸ ਗਏ । 1966 ਵਿੱਚ ਯੰਗ ਫਾਰਮਰ ਦੇ ਤੌਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਤਿੰਨ ਮਹੀਨੇ ਦੀ ਯੰਗ ਫਾਰਮਰ ਟ੍ਰੇਨਿੰਗ ਲੈ ਕੇ ਖੇਤੀਬਾੜੀ ਕਰਨ ਲੱਗ ਪਏ। ਇਨ੍ਹਾਂ ਨੇ ਕਈ ਉਨਤ ਕਿਸਮਾਂ ਦੇ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲਿਆ ਕੇ ਇਲਾਕੇ ਵਿੱਚ ਪ੍ਰਚਲਿਤ ਕੀਤੇ । ਇਲਾਕੇ ਵਿੱਚ ਪਹਿਲਾ ਟ੍ਰਾਂਜ਼ਿਸਟਰ ਅਤੇ ਟੈਲੀਵਿਜ਼ਨ ਲੈ ਕੇ ਆਂਦਾ ।ਉਸ ਵੇਲੇ ਜਮੀਨੀ ਠੇਕਾ ਇੱਕ ਸੌ ਰੁਪਈਆ ਕਿਲਾ ਹੁੰਦਾ ਸੀ । ਰੇਡੀਓ ਸੁਣਨ ਦਾ ਇਹਨਾਂ ਨੂੰ ਐਨਾ ਸ਼ੌਕ ਸੀ ਕਿ ਇਨਾਂ 700 ਰੁਪਏ ਨੈਸ਼ਨਲ ਕੰਪਨੀ ਦਾ ਜਪਾਨੀ ਟ੍ਰਾਂਜ਼ਿਸਟਰ ਖਰੀਦਣ ਤੇ ਖ਼ਰਚ ਕਰ ਦਿੱਤੇ। ਸਰਦਾਰ ਹਰੀ ਸਿੰਘ ਸਾਲ 1974 ਵਿੱਚ ਪਿੰਡ ਦੇ ਸਰਪੰਚ ਚੁਣੇ ਗਏ ।ਉਸ ਤੋਂ ਬਾਅਦ ਬਲਾਕ ਸੰਮਤੀ ਦੇ ਮੈਂਬਰ ਵਜੋਂ ਚੋਣ ਜਿੱਤ ਕੇ ਬਲਾਕ ਸੰਮਤੀ ਸਰਹੰਦ ਦੇ ਚੇਅਰਮੈਨ ਚੁਣੇ ਗਏ। ਉਨ੍ਹਾਂ ਨੂੰ ਲੈਂਡ ਮੌਰਟਗੇਜ਼ ਬੈਂਕ ਦਾ ਡਾਇਰੈਕਟਰ ਬਣਨ ਦਾ ਸੁਭਾਗ ਵੀ ਪ੍ਰਾਪਤ ਹੋਇਆ। ਇਸੇ ਸਮੇਂ ਦੌਰਾਨ ਇਸ ਬੈਂਕ ਨੂੰ ਚੰਗੀ ਕਾਰਗੁਜ਼ਾਰੀ ਲਈ ਰਾਸ਼ਟਰਪਤੀ ਅਵਾਰਡ ਵੀ ਪ੍ਰਾਪਤ ਹੋਇਆ। ਪੰਜਾਬੀ ਸਾਹਿਤ ਅਤੇ ਇਤਿਹਾਸ ਨਾਲ ਵੀ ਉਨ੍ਹਾਂ ਦਾ ਡੂੰਘਾ ਲਗਾਓ ਸੀ। ਸੈਂਕੜਿਆਂ ਦੀ ਗਿਣਤੀ ਵਿੱਚ ਕਿਤਾਬਾਂ ਘਰ ਵਿੱਚ ਮੌਜੂਦ ਸਨ, ਜਿਨ੍ਹਾਂ ਨੂੰ ਉਹ ਲਗਾਤਾਰ ਪੜ੍ਹਦੇ ਰਹਿੰਦੇ ਸਨ। ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਪੱਛਮੀ ਪੰਜਾਬ ਦੇ ਆਪਣੇ ਪਿੰਡ ਹਰਦੋ ਸਹਾਰੀ ਜਾ ਕੇ ਵਿਰਕਾਂ ਦੇ ਇਤਿਹਾਸ ਬਾਰੇ ਵਡਮੁੱਲੀ ਜਾਣਕਾਰੀ ਇਕੱਤਰ ਕੀਤੀ ਅਤੇ ਫਿਰ ਇਸ ਨੂੰ 'ਸਹਾਰੀ ਦੇ ਵਿਰਕਾਂ ਦਾ ਇਤਿਹਾਸ' ਦੇ ਨਾਂ ਹੇਠ ਲਿਖੀ ਆਪਣੀ ਕਿਤਾਬ ਵਿੱਚ ਛਪਵਾਇਆ। ਇਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਸਰਕਲ ਅਮਲੋਹ ਦਾ ਲਗਾਤਾਰ 20 ਸਾਲ ਸਰਕਲ ਜਥੇਦਾਰ ਰਹਿਣ ਦਾ ਮਾਣ ਹਾਸਲ ਕੀਤਾ। ਹੁਣ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਵਜੋਂ ਸਤਿਕਾਰ ਪਾ ਰਹੇ ਸਨ ।ਉਹ ਸ਼੍ਰੋਮਣੀ ਅਕਾਲੀ ਦਲ ਦੇ ਅਜਿਹੇ ਟਕਸਾਲੀ ਆਗੂ ਸਨ ਜਿਨ੍ਹਾਂ ਨੇ ਆਪਣੇ 50 ਸਾਲਾਂ ਦੇ ਰਾਜਨੀਤਿਕ ਜੀਵਨ ਵਿੱਚ ਕਦੇ ਵੀ ਦਲ ਬਦਲੀ ਕਰਕੇ ਕਿਸੇ ਹੋਰ ਪਾਰਟੀ ਵਿੱਚ ਜਾਣ ਬਾਰੇ ਨਹੀਂ ਸੋਚਿਆ । ਉਨਾਂ ਨੇ ਪੰਜਾਬ ਅਤੇ ਲੋਕਾਂ ਦੀਆਂ ਮੰਗਾਂ ਲਈ ਕਈ ਵਾਰ ਜੇਲ੍ਹ ਯਾਤਰਾ ਵੀ ਕੀਤੀ। ਅਕਾਲੀ ਦਲ ਦੇ ਸਾਰੇ ਵੱਡੇ ਆਗੂ ਜਿਵੇਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਗੁਰਚਰਨ ਸਿੰਘ ਟੌਹੜਾ, ਕੈਪਟਨ ਕਮਲਜੀਤ ਸਿੰਘ ਇਹਨਾਂ ਨੂੰ ਬਹੁਤ ਸਤਿਕਾਰ ਦਿੰਦੇ ਸਨ। ਪਾਰਟੀ ਵਿੱਚ ਚੰਗੇ ਅਹੁਦਿਆਂ ਤੇ ਰਹਿਣ ਦੇ ਬਾਵਜੂਦ ਉਹਨਾਂ ਨੇ ਕਦੇ ਆਪਣੇ ਨਿਜ ਲਈ ਜਾਂ ਆਪਣੇ ਪਰਿਵਾਰ ਲਈ ਕੋਈ ਫਾਇਦਾ ਨਹੀਂ ਉਠਾਇਆ। ਉਹਨਾਂ ਨੇ ਆਪਣੇ ਬੱਚਿਆਂ, ਪੋਤਰੇ, ਪੋਤਰੀਆਂ ਦੋਹਤਿਆਂ ਨੂੰ ਪੜ੍ਹਨ-ਲਿਖਣ ਲਈ ਬਹੁਤ ਉਤਸ਼ਾਹਿਤ ਕੀਤਾ। ਉਨ੍ਹਾਂ ਦਾ ਵੱਡਾ ਲੜਕਾ ਸਰਬਜੀਤ ਸਿੰਘ ਵਿਰਕ ਪਟਿਆਲਾ ਵਿਖੇ ਸੀਨੀਅਰ ਵਕੀਲ ਹੈ। ਉਸ ਤੋਂ ਛੋਟਾ ਪਰਮਜੀਤ ਸਿੰਘ ਵਿਰਕ ਪੰਜਾਬ ਪੁਲਿਸ ਵਿੱਚ ਐਸ.ਐਸ.ਪੀ. ਅਤੇ ਹੋਰ ਵੱਡੇ ਅਹੁਦਿਆਂ ਤੇ ਤਾਇਨਾਤ ਰਿਹਾ ਹੈ। ਸਭ ਤੋਂ ਛੋਟਾ ਪੁੱਤਰ ਨਿਰਭੈ ਸਿੰਘ ਬਲਾਕ ਸੰਮਤੀ ਅਮਲੋਹ ਦਾ ਮੈਂਬਰ ਰਹਿ ਚੁੱਕਾ ਹੈ । ਉਨ੍ਹਾਂ ਦੀ ਬੇਟੀ ਪਰਮਿੰਦਰਪਾਲ ਕੌਰ ਅਤੇ ਜਵਾਈ ਸ. ਗੁਰਿੰਦਰਪਾਲ ਸਿੰਘ ਚੀਮਾ ਦਾ ਪਰਿਵਾਰ ਉੱਨਾਂ ਦੀਆਂ ਸਿੱਖਿਆਵਾਂ ਨਾਲ ਤਰੱਕੀ ਕਰ ਰਿਹਾ ਹੈ । ਨੂੰਹ ਰਾਣੀ ਡਾ. ਸੁਖਵਿੰਦਰ ਕੌਰ ਰਜੀਵ ਗਾਂਧੀ ਲਾਅ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੀ ਹੈ। ਪੋਤਰੀਆਂ ਪੋਤਰੇ ਦੋਹਤੇ ਵੀ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵੱਖ-ਵੱਖ ਖੇਤਰਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ । ਜਥੇਦਾਰ ਹਰੀ ਸਿੰਘ ਇਸ ਧਰਤੀ ਉੱਤੇ 85 ਸਾਲ ਪੰਜ ਮਹੀਨੇ ਨੌ ਦਿਨ ਦਾ ਸਫ਼ਰ ਮੁਕੰਮਲ ਕਰਕੇ 13 ਫਰਵਰੀ 2026 ਸਦੀਵੀ ਵਿਛੋੜਾ ਦੇ ਗਏ ਹਨ। ਉਹ ਆਪਣੀ ਇਮਾਨਦਾਰੀ ਅਤੇ ਸੱਚ ਤੇ ਪਹਿਰਾ ਦੇਣ ਦੀ ਦਲੇਰੀ ਕਰਕੇ ਹਮੇਸ਼ਾ ਜਾਣੇ ਜਾਂਦੇ ਰਹਿਣਗੇ।

टिप्पणियाँ

इस ब्लॉग से लोकप्रिय पोस्ट

ਪਿਤਾ ਦਿਵਸ ’ਤੇ ਪੁੱਤਰ ਦਾ ਅਨਮੋਲ ਤੋਹਫ਼ਾ — 20 ਸਾਲ ਪਹਿਲਾਂ ਪਿਤਾ ਨੂੰ ਦਿੱਤੀ ਸੀ ਜ਼ਿੰਦਗੀ ਦੀ ਸੌਗਾਤ

National Orthopaedic Conference was organized in Ludhiana on 27 February, 28th February and I st March, 2026 at Hotel Radisson Blu Ludhiana.

ਆਈਐਮਏ ਲੁਧਿਆਣਾ ਨੇ ਏਕਤਾ, ਯੁਵਾ ਸ਼ਕਤੀ ਅਤੇ ਸਮਾਜ ਸੇਵਾ ਦੇ ਸੰਦੇਸ਼ ਨਾਲ ਮਨਾਇਆ 80ਵਾਂ ਆਜ਼ਾਦੀ ਦਿਵਸ