ਸਮਾਣਾ ਵਿਖੇ ਬੇਅਦਬੀਆਂ ਖ਼ਿਲਾਫ਼ ਇਨਸਾਫ਼ ਮੰਗਣ ਵਾਲੀ ਸੰਗਤ ਤੇ ਲਾਠੀਚਾਰਜ ਕਰਨਾ ਮੰਦਭਾਗਾ : ਬਰਾੜ, ਕਲਸੀ, ਮੁਕੰਦਪੁਰ
ਸਮਾਣਾ ਵਿਖੇ ਬੇਅਦਬੀਆਂ ਖ਼ਿਲਾਫ਼ ਇਨਸਾਫ਼ ਮੰਗਣ ਵਾਲੀ ਸੰਗਤ ਤੇ ਲਾਠੀਚਾਰਜ ਕਰਨਾ ਮੰਦਭਾਗਾ : ਬਰਾੜ, ਕਲਸੀ, ਮੁਕੰਦਪੁਰ
ਲੁਧਿਆਣਾ 27 ਫਰਵਰੀ (ਮਨਜੀਤ ਸਿੰਘ ਰੋਮਾਣਾ) ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ ਦੇ ਸੂਬਾ ਪ੍ਰਧਾਨ ਓਂਕਾਰ ਸਿੰਘ ਬਰਾੜ, ਜ਼ਿਲ੍ਹਾ ਲੁਧਿਆਣਾ ਮੀਤ ਪ੍ਰਧਾਨ ਨਵਪ੍ਰੀਤ ਸਿੰਘ ਕਲਸੀ ਅਤੇ ਜ਼ਿਲ੍ਹਾ ਜਥੇਬੰਦਕ ਸਕੱਤਰ ਪ੍ਰਿਤਪਾਲ ਸਿੰਘ ਮੁਕੰਦਪੁਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀਆਂ ਦੇ ਦੋਸ਼ੀਆਂ ਵਿਰੁੱਧ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਸਮਾਣਾ ਵਿਖੇ ਭਾਈ ਗੁਰਜੀਤ ਸਿੰਘ ਫੌਜੀ ਜੋ ਕਿ ਲੰਬੇ ਸਮੇਂ ਤੋਂ ਟਾਵਰ ਤੇ ਮੋਰਚਾ ਜਮਾਈ ਬੈਠੇ ਹਨ ਦੇ ਸਬੰਧ ਵਿੱਚ ਮੋਰਚੇ ਨੂੰ ਤੇਜ਼ ਕਰਨ ਲਈ ਸੰਗਤਾਂ ਦੁਆਰਾ ਲਗਾਏ ਸ਼ਾਂਤਮਈ ਟਾਵਰ ਮੋਰਚੇ ਤੇ ਇਕੱਠੀ ਹੋਈ ਸੰਗਤ ਦੇ ਉੱਪਰ ਪੁਲਿਸ ਵੱਲੋਂ ਕੀਤੀ ਖਿੱਚ ਧੂਹ ਦੇ ਨਾਲ ਨਾਲ ਕੀਤੇ ਲਾਠੀ ਚਾਰਜ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਸੱਤਾ ਤੇ ਕਾਬਜ਼ ਹੋਣ ਤੋਂ ਪਹਿਲਾਂ ਆਪਣੇ ਚੋਣ ਪ੍ਰਚਾਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਬੇਅਦਬੀਆਂ ਦੇ ਮੁੱਦੇ ਨੂੰ ਲੈ ਕੇ ਸੱਤਾ ਪੱਖ ਅਤੇ ਗੱਦੀ ਤੋਂ ਉਤਰ ਚੁੱਕੇ ਨੇਤਾਵਾਂ ਨੂੰ ਅਕਸਰ ਕੋਸਦੇ ਅਤੇ ਤੰਜ ਕਸ ਕਸ ਕੇ ਉਨ੍ਹਾਂ ਦੀ ਇਨਕੁਆਰੀ ਕਰ ਕੇ ਜੇਲ੍ਹਾਂ ਅੰਦਰ ਡੱਕਣ ਦੀ ਗੱਲ ਕਰਦੇ ਸਨ ਪ੍ਰੰਤੂ ਸੱਤਾ ਹੱਥ ਆਉਣ ਉਪਰੰਤ ਬੇਇਨਸਾਫ਼ੀਆ ਵਿਰੁੱਧ ਇਨਸਾਫ਼ ਮੰਗਣ ਵਾਲਿਆਂ ਤੇ ਮਾਨ ਸਰਕਾਰ ਦੀ ਪੁਲਿਸ ਨੇ ਆਪਾ ਖੋ ਦਿੱਤਾ ਤੇ ਲਾਠੀਚਾਰਜ ਕੀਤਾ, ਖਿੱਚ ਧੂਹ ਵਿੱਚ ਕਈ ਸਿੰਘਾਂ ਦੀਆ ਦਸਤਾਰਾਂ ਤੱਕ ਉਤਰ ਗਈਆ। ਆਗੂਆਂ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਰਾਹੀਂ ਮਿਲੀ ਦਸਤਾਰ ਦੀ ਪੁਲਿਸ ਵੱਲੋਂ ਕੀਤੀ ਬੇਕਦਰੀ ਨੇ ਆਮ ਆਦਮੀ ਪਾਰਟੀ ਦੇ ਸ਼ਾਸਨ ਤੇ ਪ੍ਰਸ਼ਨ ਚਿੰਨ੍ਹ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਇਸ ਬਾਬਤ ਖੁਦ ਦਖ਼ਲ ਦੇ ਕੇ ਦੋਸ਼ੀ ਪੁਲਿਸ ਕਰਮਚਾਰੀਆਂ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਆਗੂਆਂ ਨੇ ਇਹ ਵੀ ਕਿਹਾ ਕਿ ਮੋਜੂਦਾ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਬੇਅਦਬੀਆਂ ਦੇ ਦੋਸ਼ੀਆਂ ਖਿਲਾਫ 24 ਘੰਟੇ ਦੇ ਅੰਦਰ ਅੰਦਰ ਕਾਰਵਾਈ ਕਰਨ ਦੀ ਗੱਲ ਕਰਦੇ ਸਨ ਪ੍ਰੰਤੂ ਹੁਣ ਉਹ 24 ਘੰਟੇ ਵਾਲਾ ਵਾਅਦਾ ਕਿੱਥੇ ਗਿਆ?
ਯੂਨੀਅਨ ਆਗੂਆਂ ਨੇ ਇਹ ਵੀ ਗੱਲ ਕਹੀ ਕਿ ਬੇਅਦਬੀਆਂ ਦੇ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ਕਾਰਨ ਹੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਅੱਜ ਸੱਤਾ ਤੋਂ ਕੋਹਾਂ ਦੂਰ ਹਨ। ਉਨ੍ਹਾਂ ਮਾਨ ਸਰਕਾਰ ਨੂੰ ਯਾਦ ਦਿਵਾਇਆ ਕਿ ਪੰਜਾਬ ਦੀ ਤਵਾਰੀਖ਼ ਗਵਾਹ ਹੈ ਕਿ ਜੇਕਰ ਜਨਤਾ ਸੱਤਾ ਦੀ ਕੁਰਸੀ ਤੇ ਬਿਠਾ ਸਕਦੀ ਹੈ ਤਾਂ ਜਲਦ ਉਤਾਰ ਵੀ ਦਿੰਦੀ ਹੈ। ਅੰਤ ਵਿੱਚ ਉਕਤ ਆਗੂਆਂ ਨੇ ਬੇਅਦਬੀਆਂ ਦੇ ਮਾਮਲੇ ਵਿੱਚ ਜਲਦ ਸਖ਼ਤ ਕਾਨੂੰਨ ਬਣਾ ਕੇ ਵਿਧਾਨ ਸਭਾ ਵਿੱਚ ਪਾਸ ਕਰਾਉਣ ਦੀ ਅਪੀਲ ਕੀਤੀ।
टिप्पणियाँ
एक टिप्पणी भेजें