ਗੁਰਬਾਣੀ ਪੜ੍ਹ ਕੇ ਅਮਲ ਕਰਨ ਨਾਲ ਈਰਖਾ ਦਵੈਸ਼ ਦਾ ਹੁੰਦਾ ਹੈ ਖਾਤਮਾ : ਸਤਿਗੁਰੂ ਉਦੇ ਸਿੰਘ ਜੀ
ਨਾਮਧਾਰੀ ਸਮਾਰਕ ਵਿਖੇ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ, ਗੁਰਬਾਣੀ ਪੜ੍ਹ ਕੇ ਅਮਲ ਕਰਨ ਨਾਲ ਈਰਖਾ ਦਵੈਸ਼ ਦਾ ਹੁੰਦਾ ਹੈ ਖਾਤਮਾ : ਸਤਿਗੁਰੂ ਉਦੇ ਸਿੰਘ ਜੀ
ਲੁਧਿਆਣਾ 30 ਨਵੰਬਰ (ਮਨਜੀਤ ਸਿੰਘ ਰੋਮਾਣਾ) ਨਾਮਧਾਰੀ ਸ਼ਹੀਦੀ ਸਮਾਰਕ ਲੁਧਿਆਣਾ ਵਿਖੇ ਨਾਮਧਾਰੀ ਮੁਖੀ ਸਤਿਗੁਰੂ ਉਦੇ ਸਿੰਘ ਜੀ ਦੀ ਅਗਵਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੇ ਦੋ ਨਾਮਧਾਰੀ ਸ਼ਹੀਦਾਂ ਸੂਬਾ ਗਿਆਨੀ ਰਤਨ ਸਿੰਘ ਤੇ ਸੰਤ ਰਤਨ ਸਿੰਘ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਤੇ ਮੇਅਰ ਇੰਦਰਜੀਤ ਕੌਰ ਨੇ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਸ਼ਹਾਦਤ ਦਿੱਤੀ। ਸੇਵਕ ਹਰਪਾਲ ਸਿੰਘ, ਸੰਤ ਨਿਸ਼ਾਨ ਸਿੰਘ, ਡਾਕਟਰ ਰਣਜੋਧ, ਸਾਬਕਾ ਐਮਪੀ ਸ਼ਰਨਜੀਤ ਢਿੱਲੋਂ, ਸਾਬਕਾ ਵਿਧਾਇਕ ਸੰਜੇ ਤਲਵਾੜ ਤੇ ਕੇ ਕੇ ਬਾਵਾ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੁਧਿਆਣਾ ਦੀ ਸੈਂਟਰਲ ਜੇਲ ਦੇ ਬਾਹਰ ਬੋਹੜ ਨਾਲ ਫਾਂਸੀਆਂ ਤੇ ਚੜ੍ਹ ਕੇ ਸ਼ਹੀਦ ਹੋਣ ਵਾਲੇ ਦੋ ਨਾਮਧਾਰੀ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਤੇ ਸੰਗਤਾਂ ਨੂੰ ਪਵਿੱਤਰ ਉਪਦੇਸ਼ ਦਿੰਦਿਆਂ ਸਤਿਗੁਰੂ ਉਦੇ ਸਿੰਘ ਜੀ ਨੇ ਆਖਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਪੂਰੀ ਦੁਨੀਆ ਭਰ ਵਿੱਚ ਸ਼ਰਧਾ ਪੂਰਵਕ ਮਨਾਈ ਜਾ ਰਹੀ ਹੈ। ਗੁਰੂ ਜੀ ਵੱਲੋਂ ਉਚਾਰਨ ਕੀਤੀ ਗੁਰਬਾਣੀ ਪੜ੍ਹ ਕੇ ਉਸ ਉਪਰ ਅਮਲ ਕਰਨ ਨਾਲ ਈਰਖਾ ਦਵੈਸ਼ ਦਾ ਖਾਤਮਾ ਹੋ ਜਾਂਦਾ ਹੈ, ਕੋਈ ਬੇਗਾਨਾ ਨਹੀਂ ਲੱਗਦਾ।ਸਾਨੂੰ ਗੁਰੂ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਹੈ। ਇਸ ਮੌਕੇ ਸਤਿਗੁਰੂ ਉਦੇ ਸਿੰਘ ਜੀ ਨੇ ਬਜ਼ੁਰਗਾਂ ਤੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਰਾਗੀ ਹਰਵਿੰਦਰ ਸਿੰਘ ਦੇ ਜੱਥੇ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਵਿਸ਼ਵ ਸ਼ਾਂਤੀ ਦੀ ਅਰਦਾਸ ਸੂਬਾ ਬਲਵਿੰਦਰ ਸਿੰਘ ਝੱਲ ਨੇ ਕੀਤੀ। ਮੇਲੇ ਦੀ ਸੇਵਾ ਸਵਰਗੀ ਰਜਿੰਦਰਪਾਲ ਸਿੰਘ ਸੂਰਾ ਦੇ ਸਪੁੱਤਰਾਂ ਗੁਰਸੇਵਕ ਸਿੰਘ ਸੂਰਾ ਤੇ ਗੁਰਦਿਆਲ ਸਿੰਘ ਸੂਰਾ ਨੇ ਤਨਦੇਹੀ ਨਾਲ ਕੀਤੀ। ਇਸ ਮੌਕੇ ਮਾਤਾ ਗੁਰਸ਼ਰਨ ਕੌਰ ਜੀ, ਸੇਵਕ ਕਰਤਾਰ ਸਿੰਘ, ਸੇਵਕ ਆਸ਼ਾ ਸਿੰਘ ਮਾਨ, ਪ੍ਰਧਾਨ ਸੁਰਿੰਦਰ ਸਿੰਘ, ਨਾਮਧਾਰੀ ਸੂਬਾ ਹਰਭਜਨ ਸਿੰਘ, ਸੁਰਿੰਦਰ ਸਿੰਘ, ਭਾਈ ਜੀ ਹਰਮਨਜੀਤ ਸਿੰਘ, ਨਵਯੁਗ, ਤਰਲੋਚਨ ਮਠਾੜੂ, ਨਰਿੰਦਰਜੀਤ ਲਾਇਲ, ਗੁਰਭੇਜ ਤਰਨਤਰਨ ਤੇ ਪ੍ਰੈਸ ਸਕੱਤਰ ਲਖਵੀਰ ਬੱਦੋਵਾਲ ਮੌਜੂਦ ਸਨ।
टिप्पणियाँ
एक टिप्पणी भेजें