ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਲੁਧਿਆਣਾ ਵੱਲੋਂ 19ਵਾਂ ਸਾਲਾਨਾ ਸਮਾਗਮ, ਯੁਵਕ ਕਵੀ ਕਾਰਜਸ਼ਾਲਾ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਦਾ ਪਹਿਲਾ ਦਿਨ
ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਲੁਧਿਆਣਾ ਵੱਲੋਂ 19ਵਾਂ ਸਾਲਾਨਾ ਸਮਾਗਮ, ਯੁਵਕ ਕਵੀ ਕਾਰਜਸ਼ਾਲਾ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਦਾ ਪਹਿਲਾ ਦਿਨ
ਪਦਮਸ੍ਰੀ ਬਾਬਾ ਸੇਵਾ ਸਿੰਘ ਜੀ ਨੇ ਕਾਰਜਸ਼ਾਲਾ ਵਿੱਚ ਪਹੁੰਚਣ ਤੇ ਕਵੀਆਂ ਨੂੰ ਦਿੱਤੀਆਂ ਅਸੀਸਾਂ
ਲੁਧਿਆਣਾ 10 ਅਕਤੂਬਰ (ਮਨਜੀਤ ਸਿੰਘ ਰੋਮਾਣਾ) ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਲੁਧਿਆਣਾ ਵੱਲੋਂ 19ਵਾਂ ਸਾਲਾਨਾ ਸਮਾਗਮ, ਯੁਵਕ ਕਵੀ ਕਾਰਜਸ਼ਾਲਾ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਦੇ ਆਯੋਜਨ 10 ਤੋਂ 12 ਅਕਤੂਬਰ 2025 ਤੱਕ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ, ਖਡੂਰ ਸਾਹਿਬ ਵਿਖੇ ਕੀਤਾ ਗਿਆ, ਜਿਸਦਾ ਅੱਜ ਪਹਿਲਾ ਦਿਨ ਸੀ। ਜਿਸ ਵਿੱਚ ਪਦਮਸ੍ਰੀ ਬਾਬਾ ਸੇਵਾ ਸਿੰਘ ਜੀ, ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਮੁੱਖ ਮਹਿਮਾਨ ਵਜੋਂ ਅਤੇ ਭਾਈ ਵਰਿਆਮ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿੂਟ ਆਫ਼ ਰਿਲੀਜੀਅਸ ਸਟੱਡੀਜ ਖਡੂਰ ਸਾਹਿਬ, ਡਾ. ਗੁਲਜ਼ਾਰ ਸਿੰਘ ਪੰਧੇਰ, ਜਨਰਲ ਸੱਕਤਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਡਾ. ਗੁਰਚਰਨ ਕੌਰ ਕੋਚਰ ਨੈਸ਼ਨਲ ਅਤੇ ਸਟੇਟ ਅਵਾਰਡੀ ਅਤੇ ਪ੍ਰਸਿੱੱਧ ਗਜ਼ਲਗੋ, ਗਿਆਨੀ ਧਰਮ ਸਿੰਘ ਨਿਹੰਗ ਸਿੰਘ ਗੁਰਦੁਆਰਾ ਮੱਲ ਅਖਾੜਾ ਸਾਹਿਬ, ਡਾ. ਬਲਵੰਤ ਸਿੰਘ ਸੰਧੂ ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ, ਡਾ. ਸਿਮਰਪ੍ਰੀਤ ਕੌਰ ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ਼ ਐਜੂਕੇਸ਼ਨ ਖਡੂਰ ਸਾਹਿਬ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਇਸ ਸਮਾਗਮ ਦਾ ਆਰੰਭ ਸੁਸਾਇਟੀ ਦੇ ਚੇਅਰਮੈਨ ਡਾ. ਹਰੀ ਸਿੰਘ ਜਾਚਕ ਨੇ ਭਾਈ ਗੁਰਦਾਸ ਦੀ ਵਾਰ ਦਾ ਸ਼ਬਦ ‘ਮੁਰਦਾ ਹੋਇ ਮੁਰੀਦ ਨ ਗਲੀ ਹੋਵਣਾ’ ਪੜ੍ਹ ਕੇ ਕੀਤਾ। ਉਨ੍ਹਾਂ ਇਸ ਕਾਰਜਸ਼ਾਲਾ ਦਾ ਮਨੋਰਥ ਦੱਸਦਿਆਂ ਹੋਇਆਂ ਪੰਜਾਬ ਭਰ ਦੇ ਕੋਨੇ ਕੋਨੇ ਵਿੱਚੋਂ ਪਹੁੰਚੇ ਹੋਏ ਕਵੀ ਸਾਹਿਬਾਨ ਅਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਿਹਾ। ਉਪਰੰਤ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਖਡੂਰ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਪ੍ਰਿੰਸੀਪਲ ਭਾਈ ਵਰਿਆਮ ਸਿੰਘ ਹੁਰਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸੰਬੰਧੀ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਗੁਰੂ ਸਾਹਿਬ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਣਾ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਦੇ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਨੁਕਤਿਆਂ ਦੀ ਸਾਂਝ ਪਾਉਂਦੇ ਹੋਏ, ਅਜੋਕੇ ਸਮੇਂ ਵਿੱਚ ਪੰਜਾਬੀ ਭਾਸ਼ਾ ਨੂੰ ਖਤਮ ਕੀਤੇ ਜਾਣ ਲਈ ਹੋ ਰਹੀਆਂ ਨਾਕਾਮ ਕੋਸ਼ਿਸ਼ਾਂ ਨੂੰ ਠੱਲ੍ਹ ਪਾਉਣ ਦੀ ਗੱਲ ਕਹੀ ਅਤੇ ਗੁਰਮੁਖੀ ਲਿੱਪੀ ਨੂੰ ਗੁਰੂ ਸਾਹਿਬ ਦੀ ਵੱਡੀ ਦੇਣ ਆਖਿਆ। ਪਦਮਸੀ੍ਰ ਬਾਬਾ ਸੇਵਾ ਸਿੰਘ ਜੀ ਨੇ ਕਾਰਜਸ਼ਾਲਾ ਵਿੱਚ ਭਾਗ ਲੈਣ ਪਹੁੰਚੇ ਸਮੂਹ ਪਤਵੰਤੇ ਸੱਜਣਾਂ, ਕਵੀ ਸਾਹਿਬਾਨਾਂ ਅਤੇ ਸੁਸਾਇਟੀ ਦੇ ਸਮੂਹ ਸੇਵਾਦਾਰਾਂ ਨੂੰ ਅਸੀਸਾਂ ਭਰੇ ਸ਼ਬਦ ਆਖਦੇ ਹੋਏ ਖੂਬ ਹੱਲਾਸ਼ੇਰੀ ਦਿੱਤੀ। ਉਨ੍ਹਾਂ ਕਿਹਾ ਕਵੀ ਸਿੱਖ ਕੌਮ ਦਾ ਸਰਮਾਇਆ ਹਨ ਅਤੇ ਕਵੀਆਂ ਦਾ ਸਿੱਖ ਧਰਮ ਵਿੱਚ ਅਹਿਮ ਸਥਾਨ ਹੈ ਅਤੇ ਨਾਲ ਹੀ ਉਭਰਦੇ ਕਵੀਆਂ ਨੂੰ ਉਸਾਰੂ ਸਾਹਿਤ ਸਿਰਜ ਕੇ ਸਮਾਜ ਨੂੰ ਚੰਗੀ ਸੇਧ ਦੇਣ ਲਈ ਪ੍ਰੇਰਿਤ ਕੀਤਾ।
ਸਮਾਗਮ ਦੇ ਦੂਸਰੇ ਸ਼ੈਸ਼ਨ ਵਿੱਚ ਨੈਸ਼ਨਲ ਅਤੇ ਸਟੇਟ ਅਵਾਰਡੀ ਡਾ. ਗੁਰਚਰਨ ਕੌਰ ਕੋਚਰ ਨੇ ਗਜ਼ਲ ਕਿਵੇਂ ਲਿਖੀਏ ਅਤੇ ਚੰਗੀ ਗਜ਼ਲ ਲਿਖਣ ਦੇ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਾਰਜਸ਼ਾਲਾ ਵਿੱਚ ਕਵੀਆਂ ਨੂੰ ਗਜ਼ਲਾਂ ਦੀਆਂ ਸਤਰਾਂ ਸੁਣਾ ਕੇ ਖੂਬ ਰੰਗ ਬੰਨ੍ਹਿਆ। ਦੂਸਰੇ ਸ਼ੈਸ਼ਨ ਦੀ ਪ੍ਰਧਾਨਗੀ ਮੰਡਲ ਵਿੱਚ . ਹਰਭਜਨ ਸਿੰਘ ਭਗਰੱਥ ਪ੍ਰਧਾਨ ਪੰਜਾਬੀ ਸਾਹਿਤਕ ਸਿਤਾਰੇ ਮੰਚ ਤਰਨਤਾਰਨ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਗੁਰਜੀਤ ਕੌਰ ਅਜਨਾਲਾ, ਬੇਅੰਤ ਕੌਰ ਗਿੱਲ,ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ, ਡਾ. ਸੁਰਜੀਤ ਕੌਰ ਭੋਗਪੁਰ ਅਤੇ ਹੋਰਾਂ ਨੇ ਕਵਿਤਾ, ਗੀਤ ਅਤੇ ਗਜ਼ਲ ਬਾਰੇ ਡਾ. ਗੁਰਚਰਨ ਕੌਰ ਕੋਚਰ ਨਾਲ ਸਵਾਲ ਜਵਾਬ ਵੀ ਕੀਤੇ।
ਸ. ਹਰਭਜਨ ਸਿੰਘ ਭਗਰੱਥ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਡਾ. ਹਰੀ ਸਿੰਘ ਜਾਚਕ ਪੰਜਾਬੀ ਸਾਹਿਤਕ ਜਗਤ ਦਾ ਚਮਕਦਾ ਹੋਇਆ ਸਿਤਾਰਾ ਹੈ, ਉਨ੍ਹਾਂ ਕਿਹਾ ਕਿ ਮੈਂ ਡਾ. ਜਾਚਕ ਦੀਆਂ ਕਵਿਤਾਵਾਂ ਦਾ ਬਹੁਤ ਵੱਡਾ ਫੈਨ ਹਾਂ ਅਤੇ ਮੇਰੇ ਵੱਡੇ ਭਾਗ ਹਨ ਕਿ 19ਵਾਂ ਸਾਲਾਨਾ ਸਮਾਗਮ ਸਾਡੇ ਇਲਾਕੇ ਵਿੱਚ ਉਲੀਕਿਆ ਗਿਆ। ਉਨ੍ਹਾਂ ਪੰਜਾਬੀ ਸਾਹਿਤਕ ਸਿਤਾਰੇ ਮੰਚ ਦਾ ਉਦੇਸ਼ ਸਾਝਾਂ ਕਰਦੇ ਹੋਏ ਉਨ੍ਹਾਂ ਵੱਲੋਂ ਕੀਤੀ ਗਈ ਤਰਨਤਾਰਨ ਤੋਂ ਕੰਨਿਆਂ ਕੁਮਾਰੀ ਤੱਕ ਸਾਈਕਲ ਯਾਤਰਾ ਬਾਰੇ ਵੀ ਦੱਸਿਆ। ਪ੍ਰਿੰਸੀਪਲ ਡਾ. ਸਿਮਰਪ੍ਰੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਇਸ ਕਾਰਜਸ਼ਾਲਾ ਨੂੰ ਸਮੇਂ ਦੀ ਜਰੂਰਤ ਦੱਸਿਆ। ਉਨ੍ਹਾਂ ਪਦਮਸ੍ਰੀ ਬਾਬਾ ਸੇਵਾ ਸਿੰਘ ਜੀ ਵੱਲੋਂ ਚਲਾਏ ਜਾ ਰਹੇ ਵਾਤਾਵਰਨ ਅਤੇ ਵਿੱਦਿਅਕ ਅਦਾਰਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਮਾਣ ਮਹਿਸੂਸ ਕੀਤਾ ਅਤੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਉਨ੍ਹਾਂ ਸ੍ਰੀ ਖਡੂਰ ਸਾਹਿਬ ਦੀ ਧਰਤੀ ਨੂੰ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੋਣ ਕਰਕੇ ਰੂਹਾਨੀਅਤ ਦਾ ਅਹਿਸਾਸ ਕਰਵਾਇਆ ਅਤੇ ਹਰ ਸੰਭਵ ਸਹਿਯੋਗ ਦੇਣ ਦੀ ਗੱਲ ਆਖੀ।
ਇਸ ਮੌਕੇ ਪਦਮਸ੍ਰੀ ਬਾਬਾ ਸੇਵਾ ਸਿੰਘ ਜੀ ਅਤੇ ਪਰਮਦੀਪ ਸਿੰਘ ਦੀਪ ਸੁਸਾਇਟੀ ਵੱਲੋਂ ਡਾ. ਗੁਲਜਾਰ ਸਿੰਘ ਪੰਧੇਰ, ਗਿਆਨੀ ਧਰਮ ਸਿੰਘ ਨਿਹੰਗ ਸਿੰਘ, ਡਾ. ਸਿਮਰਪ੍ਰੀਤ ਕੌਰ, ਡਾ. ਗੁਰਚਰਨ ਕੌਰ ਕੋਚਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਾ. ਰਮਨਦੀਪ ਸਿੰਘ ਦੀਪ ਜਨਰਲ ਸਕੱਤਰ ਅਤੇ ਮਨਦੀਪ ਕੌਰ ਪ੍ਰੀਤ, ਸਕੱਤਰ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਨੇ ਸਟੇਜ ਦਾ ਸੰਚਾਲਨ ਕੀਤਾ ਅਤੇ ਧੰਨਵਾਦ ਕੀਤਾ।
टिप्पणियाँ
एक टिप्पणी भेजें