ਡਾ. ਗੁਰਚਰਨ ਕੌਰ ਕੋਚਰ ਦੀ ਅਗਵਾਈ ਹੇਠ ਮਰਹੂਮ ਗੀਤਕਾਰ ਦੇਵ ਥਰੀਕੇ ਵਾਲਾ ਦਾ ਜਨਮ ਦਿਨ ਮਨਾਇਆ ਗਿਆ
ਡਾ. ਗੁਰਚਰਨ ਕੌਰ ਕੋਚਰ ਦੀ ਅਗਵਾਈ ਹੇਠ ਮਰਹੂਮ ਗੀਤਕਾਰ ਦੇਵ ਥਰੀਕੇ ਵਾਲਾ ਦਾ ਜਨਮ ਦਿਨ ਮਨਾਇਆ ਗਿਆ
ਸ਼੍ਰੋਮਣੀ ਲਿਖਾਰੀ ਬੋਰਡ ਰਜਿ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਅਤੇ ਸਕੱਤਰ ਇੰਦਰਜੀਤ ਕੌਰ ਲੋਟੇ ਆਦਿ ਨੇ ਕੇਕ ਕੱਟਣ ਦੀ ਰਸਮ ਨਿਭਾਈ
ਲੁਧਿਆਣਾ 20 ਸਤੰਬਰ (ਮਨਜੀਤ ਸਿੰਘ ਰੋਮਾਣਾ) ਸਿਰਜਣਧਾਰਾ ਸੰਸਥਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਸਥਾਨਕ ਪੰਜਾਬੀ ਭਵਨ ਵਿਖੇ ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਵ. ਹਰਦੇਵ ਦਿਲਗੀਰ ਉਰਫ਼ ਦੇਵ ਥਰੀਕਿਆਂ ਵਾਲਾ ਦਾ ਜਨਮ ਦਿਨ ਬੀਤੀ ਸ਼ਾਮ ਸੰਸਥਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਨਾਲ ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ, ਡਾ. ਗੁਲਜ਼ਾਰ ਪੰਧੇਰ, ਪ੍ਰਗਟ ਸਿੰਘ ਗਰੇਵਾਲ ਡਾ. ਨਿਰਮਲ ਜੌੜਾ, ਅਮਰੀਕ ਸਿੰਘ ਤਲਵੰਡੀ, ਪਾਲੀ ਦੇਤਵਾਲੀਆ ਅਤੇ ਅਮਰਜੀਤ ਸਿੰਘ ਟਿੱਕਾ ਸ਼ਾਮਲ ਹੋਏ । ਸਭ ਤੋਂ ਪਹਿਲਾਂ ਦੇਵ ਥਰੀਕਿਆਂ ਵਾਲਾ ਦੀ ਫੋਟੋ ਉੱਤੇ ਫੁੱਲ ਚੜ੍ਹਾਉਂਦੇ ਹੋਏ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਇਸ ਦੇ ਨਾਲ ਹੀ ਮਰਹੂਮ ਗੀਤਕਾਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਰਜਿ. ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਅਤੇ ਸਕੱਤਰ ਇੰਦਰਜੀਤ ਕੌਰ ਲੋਟੇ ਵਲੋਂ ਲਿਆਂਦੇ ਖ਼ੂਬਸੂਰਤ ਕੇਕ ਨੂੰ ਕੱਟਣ ਦੀ ਰਸਮ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਲੋਂ ਉਚੇਚੇ ਤੌਰ ਤੇ ਨਿਭਾਅ ਕੇ ਸਭ ਦਾ ਮੂੰਹ ਮਿੱਠਾ ਕਰਵਾਇਆ ਗਿਆ ਉਪਰੰਤ ਸੰਸਥਾ ਦੇ ਪ੍ਰਧਾਨ ਡਾ. ਕੋਚਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੇਵ ਥਰੀਕਿਆਂ ਵਾਲਾ ਜੀ ਦੀ ਬਹੁਪੱਖੀ ਸ਼ਖਸੀਅਤ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਗੀਤਾਂ ਵਿੱਚ ਪੰਜਾਬੀ ਲੋਕ ਧਾਰਾ ਅਤੇ ਸਭਿਆਚਾਰਕ ਵਿਰਾਸਤ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ। ਉਹ ਹਮੇਸ਼ਾ ਚੜ੍ਹਦੀ ਕਲਾ ਚ ਰਹਿਣ ਵਾਲੇ ਨੇਕ ਤੇ ਹੱਸਮੁੱਖ ਇਨਸਾਨ ਸਨ । ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਰਜਿ. ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਕਿਹਾ ਕਿ ਉਸਤਾਦ ਅਤੇ ਸ਼ਗਿਰਦ ਦੇ ਰਿਸ਼ਤੇ ਨੂੰ ਪਿਓ-ਪੁੱਤ ਦੇ ਰਿਸ਼ਤੇ ਵਾਂਗ ਮਜਬੂਤੀ ਦੀਆਂ ਤੰਦਾਂ ਨਾਲ ਕਿਵੇਂ ਬੰਨ੍ਹ ਕੇ ਰੱਖਣਾ ਹੈ ਇਸ ਦਾ ਪ੍ਰੇਰਨਾ ਸ੍ਰੋਤ ਗੀਤਕਾਰ ਹਰਦੇਵ ਸਿੰਘ ਦਿਲਗੀਰ ਸੀ ਜਿਸ ਨੂੰ ਉਨ੍ਹਾਂ ਦੇ ਸ਼ਗਿਰਦ ਬਾਪੂ ਥਰੀਕੇ ਵਾਲਾ ਕਹਿ ਕੇ ਸਤਿਕਾਰ ਦਿੰਦੇ ਸਨ । ਪ੍ਰਸਿੱਧ ਗਾਇਕ ਪਾਲੀ ਦੇਤਵਾਲੀਆ ਨੇ ਦੇਵ ਥਰੀਕਿਆਂ ਵਾਲਾ ਜੀ ਨਾਲ ਪਲਾਂ ਨੂੰ ਚੇਤੇ ਕਰਦਿਆਂ ਉਨ੍ਹਾਂ ਦਾ ਲਿਖਿਆ ਗੀਤ ਸੁਣਾ ਕੇ ਸਮੇਂ ਨੂੰ ਬੰਨ੍ਹਿਆ। ਪ੍ਰੋਫੈਸਰ ਰਵਿੰਦਰ ਭੱਠਲ ਡਾਕਟਰ ਗੁਰਇਕਬਾਲ ਸਿੰਘ, ਅਮਰਜੀਤ ਸਿੰਘ ਟਿੱਕਾ ਅਤੇ ਡਾਕਟਰ ਗੁਲਜ਼ਾਰ ਪੰਧੇਰ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਦੇਵ ਥਰੀਕਿਆਂ ਵਾਲਿਆਂ ਦੀ ਪੰਜਾਬੀ ਮਾਂ ਬੋਲੀ ਪ੍ਰਤੀ ਸੁਹਿਰਦਤਾ ਨਾਲ ਦਿੱਤੀ ਗਈ ਵੱਡਮੁੱਲੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਨੈਸ਼ਨਲ ਅਵਾਰਡੀ ਅਮਰੀਕ ਸਿੰਘ ਤਲਵੰਡੀ ਨੇ ਖ਼ੂਬਸੂਰਤ ਕਾਵਿ ਚਿੱਤਰ ਨਾਲ ਦੇਵ ਥਰੀਕਿਆਂ ਵਾਲਾ ਦੀ ਵਡਿਆਈ ਕੀਤੀ । ਡਾ. ਨਿਰਮਲ ਜੋੜਾ ਅਤੇ ਪ੍ਰਗਟ ਸਿੰਘ ਗਰੇਵਾਲ ਨੇ ਦੇਵ ਥਰੀਕਿਆਂ ਵਾਲਾ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁਜੱਸਮਾ ਕਿਹਾ । ਸੰਸਥਾ ਦੇ ਜਨਰਲ ਸਕੱਤਰ ਅਮਰਜੀਤ ਸ਼ੇਰਪੁਰੀ ਜੋ ਦੇਵ ਥਰੀਕਿਆਂ ਵਾਲਾ ਦੇ ਸ਼ਗਿਰਦ ਵੀ ਰਹੇ ਹਨ, ਉਹ ਵੀ ਮੰਚ ਸੰਚਾਲਨ ਕਰਦਿਆਂ ਹੋਇਆਂ ਦੇਵ ਜੀ ਨਾਲ ਜੁੜੀਆਂ ਪਿਆਰੀਆਂ ਤੇ ਮਿੱਠੀਆਂ ਯਾਦਾਂ ਸਾਂਝੀਆਂ ਕਰਦੇ ਰਹੇ ਅਤੇ ਦੇਵ ਸਾਹਿਬ ਦੇ ਪ੍ਰਮ ਸ਼ਗਿਰਦ ਰਹੇ ਗੀਤਕਾਰ ਸ੍ਵ. ਸਰਬਜੀਤ ਸਿੰਘ ਵਿਰਦੀ ਦੇ ਸਪੁੱਤਰ ਤਜਿੰਦਰ ਸਿੰਘ ਵਿਰਦੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਜਦਕਿ ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿੱਚ ਜਗਪਾਲ ਜੱਗਾ ਜਮਾਲਪੁਰੀ, ਮਨਜੀਤ ਕੌਰ ਧੀਮਾਨ, ਰਣਜੀਤ ਸਿੰਘ ਗਰੇਵਾਲ, ਸੁਰਜੀਤ ਸਿੰਘ ਜੀਤ, ਇੰਦਰਜੀਤਪਾਲ ਕੌਰ, ਇੰਦਰਜੀਤ ਕੌਰ ਲੋਟੇ, ਗੁਰਦੇਵ ਸਿੰਘ ਨੇਵੀ, ਪੂਨਮ,ਗੁਰਮੀਤ ਕੌਰ, ਦਲਜੀਤ ਸਿੰਘ ਬਾਗ਼ੀ, ਸੰਧੇ ਸੁਖਬੀਰ, ਸੋਮਨਾਥ ਭੱਟੀ, ਤਲੋਚਨ ਝਾਂਡੇ, ਭਗਵਾਨ ਢਿੱਲੋਂ, ਕੇ ਸਾਧੂ ਸਿੰਘ, ਤਰਲੋਚਨ ਸਿੰਘ ਨਾਟਕਕਾਰ, ਨੇਤਰ ਸਿੰਘ ਮੁੱਤੋ, ਡਾ. ਜਸਪਾਲ ਸਿੰਘ, ਹਰਵਿੰਦਰ ਸਿੰਘ, ਸਤਵਿੰਦਰ ਸਿੰਘ ਥਰੀਕੇ ਅਤੇ ਲਖਬੀਰ ਸਿੰਘ ਆਦਿ ਕਵੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਸੁਣਾ ਕੇ ਖੂਬ ਵਾਹ ਵਾਹ ਖੱਟੀ।
टिप्पणियाँ
एक टिप्पणी भेजें